ਇਨੋਵਾ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਨਹਿਰ 'ਚ ਡੁੱਬਣ ਕਾਰਨ ਮੌਤ, ਪਤਨੀ ਗੰਭੀਰ ਜ਼ਖ਼ਮੀ ਮ੍ਰਿਤਕ ਦੀ ਪਛਾਣ ਪਿੰਡ ਬੀਰਮੀ ਦੇ ਰਹਿਣ ਵਾਲੇ 46 ਸਾਲਾ ਹਰਵਿੰਦਰ ਸਿੰਘ ਵਜੋਂ ਹੋਈ ਹੈ। ਉਹ ਦੋਵੇਂ ਜੀਅ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਦੋ ਛੋਟੇ ਬੇਟੇ ਹਨ। ਇਸ ਹਾਦਸੇ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ
Publish Date: Thu, 30 Jul 2026 01:02 PM (IST)
Updated Date: Thu, 30 Jul 2026 01:11 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਥਾਂ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਕਿਸੇ ਦੀ ਲਾਪਰਵਾਹੀ ਅਤੇ ਤੇਜ਼ ਰਫਤਾਰੀ ਨੇ ਇੱਕ ਹੱਸਦਾ ਵੱਸਦਾ ਘਰ ਉਜਾੜ ਕੇ ਰੱਖ ਦਿੱਤਾ। ਕੰਮ ਮੁਕਾ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਵਾਪਸ ਜਾ ਰਹੇ ਪਤੀ-ਪਤਨੀ ਨੂੰ ਪਿੱਛੋਂ ਆ ਰਹੀ ਇੱਕ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਚਲਾ ਰਿਹਾ ਵਿਅਕਤੀ ਉੱਛਲ ਕੇ ਸਿੱਧਾ ਸਿੱਧਵਾਂ ਨਹਿਰ ਵਿੱਚ ਜਾ ਡਿੱਗਿਆ ਅਤੇ ਤੇਜ਼ ਬਹਾਅ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਦੌਰਾਨ ਉਸ ਦੀ ਪਤਨੀ ਸੜਕ 'ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮ੍ਰਿਤਕ ਦੀ ਪਛਾਣ ਪਿੰਡ ਬੀਰਮੀ ਦੇ ਰਹਿਣ ਵਾਲੇ 46 ਸਾਲਾ ਹਰਵਿੰਦਰ ਸਿੰਘ ਵਜੋਂ ਹੋਈ ਹੈ। ਉਹ ਦੋਵੇਂ ਜੀਅ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਦੋ ਛੋਟੇ ਬੇਟੇ ਹਨ। ਇਸ ਹਾਦਸੇ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਘਰ ਵਿੱਚ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਸ਼ਾਮ ਵੇਲੇ ਹਰਵਿੰਦਰ ਸਿੰਘ ਆਪਣੀ ਪਤਨੀ ਨਾਲ ਮੋਟਰਸਾਈਕਲ ਰਾਹੀਂ ਕੰਮ ਤੋਂ ਘਰ ਵਾਪਸ ਆ ਰਹੇ ਸਨ। ਜਦੋਂ ਉਹ ਜਨਪਥ ਕਾਲੋਨੀ ਦੇ ਬਾਹਰ ਨਰਸਰੀ ਸਾਹਮਣੇ ਮੇਨ ਰੋਡ 'ਤੇ ਨਹਿਰ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਕਾਲੇ ਰੰਗ ਦੀ ਇਨੋਵਾ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਕੁਲਵਿੰਦਰ ਕੌਰ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਉਹ ਸੜਕ ਕਿਨਾਰੇ ਡਿੱਗ ਗਈ, ਜਦਕਿ ਉਸ ਦੇ ਪਤੀ ਸਿੱਧੇ ਨਹਿਰ ਵਿੱਚ ਜਾ ਡਿੱਗੇ। ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਉਹ ਡੁੱਬ ਗਏ। ਸੂਚਨਾ ਮਿਲਦੇ ਹੀ ਆਲੇ ਦੁਆਲੇ ਦੇ ਲੋਕਾਂ ਅਤੇ ਪੁਲਿਸ ਨੇ ਉਨ੍ਹਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਸਰਾਭਾ ਨਗਰ ਥਾਣੇ ਦੇ ਏਐਸਆਈ ਰਾਮ ਕਿਸ਼ਨ ਨੇ ਦੱਸਿਆ ਕਿ ਜ਼ਖ਼ਮੀ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਇਨੋਵਾ ਕਾਰ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281, 106, 125(ਏ) ਅਤੇ 324(4) ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।