ਤੰਦਰੁਸਤ ਜੀਵਨ ਦਾ ਸੰਦੇਸ਼ ਲੈ ਕੇ ਦੌੜੀਆਂ 800 ਤੋਂ ਵੱਧ ਵਿਦਿਆਰਥਣਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਤੇ ਤੰਦਰੁਸਤ ਜੀਵਨ ਦਾ ਸੰਦੇਸ਼ ਲੈ ਕੇ ਦੌੜੀਆਂ 800 ਤੋਂ ਵੱਧ ਵਿਦਿਆਰਥਣਾਂ
Publish Date: Tue, 29 Sep 2026 08:31 PM (IST)
Updated Date: Wed, 30 Sep 2026 04:10 AM (IST)
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ ਜੌੜੇਪੁਲ : ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ਵੱਲੋਂ ਅੱਜ “ਪਾਇਨੀਅਰ ਮੈਰਾਥਨ – ਸੇ ਨੋ ਟੂ ਡਰੱਗਸ ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ ਸਕੂਲ ਦੀਆਂ 800 ਤੋਂ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਅਨੁਸ਼ਾਸਨ ਨਾਲ ਭਾਗ ਲਿਆ। ਵਿਦਿਆਰਥਣਾਂ ਨੇ ਸਕੂਲ ਕੈਂਪਸ, ਗੱਜਣ ਮਾਜਰਾ ਤੋਂ ਜਾਗੋਵਾਲ ਪਿੰਡ ਤੱਕ ਦੌੜ ਲਗਾ ਕੇ ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਇਹ ਮੈਰਾਥਨ ਸਿਰਫ਼ ਦੌੜ ਨਹੀਂ ਸੀ, ਸਗੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਰੀਰਕ ਤੰਦਰੁਸਤੀ ਬਣਾਈ ਰੱਖਣ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕਰਨ ਵਾਲੀ ਇੱਕ ਮਹੱਤਵਪੂਰਨ ਪਹਿਲ ਸੀ। ਮੈਰਾਥਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਪਹਿਲਾ ਸਥਾਨ– ਸਾਹਿਲਪ੍ਰੀਤ ਕੌਰ, ਜਮਾਤ 9ਵੀਂ, ਪਿੰਡ ਲਸੋਈ ਨੂੰ ਪਹਿਲਾ ਸਥਾਨ ਹਾਸਲ ਕਰਨ ’ਤੇ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਦੂਜਾ ਸਥਾਨ – ਅਰਸ਼ਪ੍ਰੀਤ ਕੌਰ, ਜਮਾਤ 12ਵੀਂ, ਭੁੱਲਰਾਂ, ਤੀਜਾ ਸਥਾਨ– ਖੁਸ਼ਪ੍ਰੀਤ ਕੌਰ, ਜਮਾਤ 11ਵੀਂ, ਭਰਥਲਾ ਰੰਧਾਵਾ, ਚੌਥਾ ਸਥਾਨ– ਸੁਮਨਪ੍ਰੀਤ ਕੌਰ, ਜਮਾਤ 12ਵੀਂ, ਲੰਗੜੀਆਂ, ਪੰਜਵਾਂ ਸਥਾਨ– ਜਸਪ੍ਰੀਤ ਕੌਰ, ਜਮਾਤ 9ਵੀਂ, ਦੀਵਾ ਖੋਸਾ ਆਦਿ ਅਤੇ ਬਾਕੀ ਜੇਤੂ ਵਿਦਿਆਰਥਣਾਂ ਨੂੰ ਮੈਡਲ, ਸਨਮਾਨ ਪੁਰਸਕਾਰ ਤੇ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਪੂਰੇ ਸਮਾਗਮ ਦੀ ਅਗਵਾਈ ਸਕੂਲ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਜੀ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉਤਸ਼ਾਹ ਅਤੇ ਮਿਹਨਤ ਦੀ ਸ਼ਲਾਘਾ ਕੀਤੀ। ਡਾ. ਪਰਮਿੰਦਰ ਕੌਰ ਮੰਡੇਰ ਜੀ ਦੀ ਸੋਚ ਸਿਰਫ਼ ਅਕਾਦਮਿਕ ਸਿੱਖਿਆ ਅਤੇ ਪ੍ਰੀਖਿਆਵਾਂ ਵਿੱਚ ਉੱਤਮ ਨਤੀਜਿਆਂ ਤੱਕ ਸੀਮਿਤ ਨਹੀਂ ਹੈ। ਉਹ ਵਿਦਿਆਰਥੀਆਂ ਦੇ ਸਰੀਰਕ ਸਿਹਤ, ਮਾਨਸਿਕ ਤੰਦਰੁਸਤੀ, ਖੇਡਾਂ, ਆਤਮ-ਵਿਸ਼ਵਾਸ ਅਤੇ ਚੰਗੀ ਜੀਵਨ ਸ਼ੈਲੀ ਨੂੰ ਵੀ ਸਿੱਖਿਆ ਦਾ ਅਹਿਮ ਹਿੱਸਾ ਮੰਨਦੇ ਹਨ। ਸਕੂਲ ਵਿੱਚ ਅਕਾਦਮਿਕ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ’ਚ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਅਤੇ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਫਲ ਜੀਵਨ ਲਈ ਚੰਗੀ ਸਿੱਖਿਆ ਦੇ ਨਾਲ ਚੰਗੀ ਸਿਹਤ ਅਤੇ ਮਜ਼ਬੂਤ ਮਾਨਸਿਕਤਾ ਵੀ ਜ਼ਰੂਰੀ ਹੈ। ਸੇ ਨੋ ਟੂ ਡਰੱਗਜ਼- ਨਸ਼ਿਆਂ ਨੂੰ ਨਾਂਹ, ਸਿਹਤ ਨੂੰ ਹਾਂ ਪਾਇਨੀਅਰ ਮੈਰਾਥਨ– ਸੇ ਨੋ ਟੂ ਡਰੱਗਜ਼ ਨੇ ਸਮਾਜ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖਿਆ ਸੰਸਥਾਵਾਂ, ਮਾਪਿਆਂ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। 800 ਤੋਂ ਵੱਧ ਵਿਦਿਆਰਥਣਾਂ ਦੀ ਇਹ ਜੋਸ਼ ਭਰੀ ਦੌੜ ਸਿਹਤਮੰਦ ਜੀਵਨ, ਖੇਡਾਂ, ਸਿੱਖਿਆ, ਮਾਨਸਿਕ ਮਜ਼ਬੂਤੀ ਅਤੇ ਨਸ਼ਾ-ਮੁਕਤ ਭਵਿੱਖ ਲਈ ਇੱਕ ਪ੍ਰਭਾਵਸ਼ਾਲੀ ਸੰਦੇਸ਼ ਬਣੀ। “ਨਸ਼ਿਆਂ ਨੂੰ ਕਹੋ ਨਾਂਹ- ਸਿਹਤ, ਸਿੱਖਿਆ ਅ-ਤੇ ਖੇਡਾਂ ਨੂੰ ਕਹੋ ਹਾਂ! ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ਨੇ ਇਸ ਉਪਰਾਲੇ ਰਾਹੀਂ ਵਿਦਿਆਰਥੀਆਂ ਵਿੱਚ ਸਿਹਤ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ।