ਵਿਧਾਇਕ ਪੁੱਤਰ ਅਮਨ ਬੱਗਾ ਤੇ ਯੁਵਰਾਜ ਸਿੱਧੂ ਹੋਣਗੇ ਸੱਤਾਧਾਰੀ ਧਿਰ ਦੇ ਉਮੀਦਵਾਰ ਅਹਿਮ ਖ਼ਬਰ-ਵਿਧਾਇਕ ਪੁੱਤਰ ਅਮਨ ਬੱਗਾ ਤੇ ਯੁਵਰਾਜ ਸਿੱਧੂ ਹੋਣਗੇ ਸੱਤਾਧਾਰੀ ਧਿਰ ਦੇ ਉਮੀਦਵਾਰ!
Publish Date: Sun, 23 Aug 2026 09:04 PM (IST)
Updated Date: Mon, 24 Aug 2026 04:09 AM (IST)
-ਸ਼੍ਰੋਮਣੀ ਅਕਾਲੀ ਦਲ ਦੇ 2 ਕੌਂਸਲਰਾਂ ਨੂੰ ਹਾਈਕਮਾਂਡ ਦੀ ਹਦਾਇਤ ਦੀ ਉਡੀਕ ਵਰਿੰਦਰ ਰਾਣਾ, ਪੰਜਾਬੀ ਜਾਗਰਣ, ਲੁਧਿਆਣਾ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੇ ਦੋ ਮੈਂਬਰਾਂ ਦੀ ਚੋਣ ਲਈ ਹੁਣ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ। ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਐਤਵਾਰ ਨੂੰ ਮੇਅਰ ਇੰਦਰਜੀਤ ਕੌਰ ਵੀ ਲੁਧਿਆਣਾ ਪਹੁੰਚ ਗਏ। ਦੇਰ ਸ਼ਾਮ ਤੱਕ ਵਿਧਾਇਕਾਂ ਨਾਲ ਹੋਈ ਮੀਟਿੰਗ ਵਿੱਚ ਇਕ ਵਾਰ ਫਿਰ ਦੋਵੇਂ ਵਿਧਾਇਕ ਪੁੱਤਰਾਂ ਅਮਨ ਬੱਗਾ ਅਤੇ ਯੁਵਰਾਜ ਸਿੱਧ ਦੇ ਨਾਵਾਂ ’ਤੇ ਸਹਿਮਤੀ ਬਣਨ ਦੀ ਗੱਲ ਸਾਹਮਣੇ ਆਈ ਹੈ। ਕਾਂਗਰਸ ਵੱਲੋਂ ਪਹਿਲਾਂ ਹੀ ਕੌਂਸਲਰ ਗੌਰਵ ਭੱਟੀ ਨੂੰ ਆਪਣਾ ਉਮੀਦਵਾਰ ਐਲਾਨ ਕੇ ਮੈਦਾਨ ਵਿੱਚ ਉਤਾਰਿਆ ਜਾ ਚੁੱਕਾ ਹੈ। ਉਧਰ ਭਾਜਪਾ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਹੋਰ ਧਿਰ ਨੂੰ ਸਮਰਥਨ ਦੇਣ ਦੀ ਬਜਾਏ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ। ਭਾਜਪਾ ਵੱਲੋਂ ਸੋਮਵਾਰ ਦੁਪਹਿਰ ਤੱਕ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਜੋੜ-ਤੋੜ ਦੀ ਰਣਨੀਤੀ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੇ ਦੋ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੇ ਨਾਲ ਨਹੀਂ ਜਾਣਗੇ। ਹਾਲਾਂਕਿ ਵੋਟਿੰਗ ਦੌਰਾਨ ਕੀ ਰੁਖ ਅਪਣਾਉਣਾ ਹੈ, ਇਸ ਬਾਰੇ ਉਹ ਹਾਈਕਮਾਂਡ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। -ਮੰਗਲਵਾਰ ਨੂੰ 2 ਮੈਂਬਰਾਂ ਦੀ ਹੋਵੇਗੀ ਚੋਣ ਐੱਫਐਂਡਸੀਸੀ ਮੈਂਬਰਾਂ ਦੀ ਚੋਣ ਲਈ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ ਹੋਵੇਗੀ। ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਨਗਰ ਨਿਗਮ ਵਿੱਚ ਕੁੱਲ 95 ਕੌਂਸਲਰ ਹਨ, ਪਰ ਇਕ ਕੌਂਸਲਰ ਦੀ ਮੌਤ ਹੋਣ ਕਾਰਨ 94 ਕੌਂਸਲਰ ਹੀ ਵੋਟ ਪਾ ਸਕਣਗੇ। ਸੱਤਾਧਾਰੀ ਆਮ ਆਦਮੀ ਪਾਰਟੀ ਕੋਲ 49 ਕੌਂਸਲਰ ਹਨ, ਪਰ ਉਸ ਦਾ ਇਕ ਕੌਂਸਲਰ ਵਿਦੇਸ਼ ਵਿੱਚ ਹੋਣ ਅਤੇ ਬਿਮਾਰ ਹੋਣ ਕਾਰਨ ਮੀਟਿੰਗ ਵਿੱਚ ਪਹੁੰਚਣ ਦੀ ਉਮੀਦ ਘੱਟ ਹੈ। ਕਾਂਗਰਸ ਕੋਲ 24, ਭਾਜਪਾ ਕੋਲ 18, ਸ੍ਰੋਮਣੀ ਅਕਾਲੀ ਦਲ ਕੋਲ ਦੋ ਅਤੇ ਇਕ ਆਜ਼ਾਦ ਕੌਂਸਲਰ ਹੈ। ਚੋਣ ਵਿੱਚ ਸੱਤਾਧਾਰੀ ਧਿਰ ਦੇ ਦੋ, ਕਾਂਗਰਸ ਦੇ ਇਕ ਅਤੇ ਭਾਜਪਾ ਦੇ ਇਕ ਉਮੀਦਵਾਰ ਦੇ ਮੈਦਾਨ ਵਿੱਚ ਹੋਣ ਦੀ ਸੰਭਾਵਨਾ ਹੈ। ਚਾਰ ਉਮੀਦਵਾਰਾਂ ਲਈ 93 ਕੌਂਸਲਰ ਵੋਟ ਪਾਉਣਗੇ। ਹਰੇਕ ਕੌਂਸਲਰ ਨੂੰ ਇਕ ਵਾਰ ਵੋਟ ਦੇਣ ਦਾ ਅਧਿਕਾਰ ਹੋਵੇਗਾ। ਇਸ ਕਾਰਨ ਸਾਰੀਆਂ ਸਿਆਸੀ ਧਿਰਾਂ ਆਪਣੇ-ਆਪਣੇ ਜੋੜ-ਘਟਾਓ ਵਿੱਚ ਰੁੱਝੀਆਂ ਹੋਈਆਂ ਹਨ। ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜ਼ੀ ਦਾ ਅਸਰ ਵੀ ਵੋਟਿੰਗ ’ਤੇ ਪੈ ਸਕਦਾ ਹੈ। -ਸੱਤਾਧਾਰੀ ਧਿਰ ਦੇ ਦੋਵੇਂ ਉਮੀਦਵਾਰ ਮਜ਼ਬੂਤ ਵੋਟਿੰਗ ਵਿੱਚ ਹਰੇਕ ਕੌਂਸਲਰ ਵੱਲੋਂ ਇਕ ਹੀ ਵੋਟ ਪਾਉਣ ਕਾਰਨ ਸੱਤਾਧਾਰੀ ਧਿਰ ਕੋਲ 48 ਵੋਟਾਂ ਰਹਿ ਜਾਣਗੀਆਂ। ਪਹਿਲੇ ਉਮੀਦਵਾਰ ਨੂੰ ਜਿਤਾਉਣ ਲਈ 25 ਵੋਟਾਂ ਮਿਲਣ ਤੋਂ ਬਾਅਦ ਵੀ ਦੂਜੇ ਉਮੀਦਵਾਰ ਲਈ 23 ਵੋਟਾਂ ਬਚਣਗੀਆਂ। ਦੂਜੇ ਪਾਸੇ ਭਾਜਪਾ ਤੇ ਆਜ਼ਾਦ ਕੌਂਸਲਰ ਨੂੰ ਮਿਲਾ ਕੇ 19 ਦਾ ਅੰਕੜਾ ਬਣਦਾ ਹੈ। ਅਜਿਹੇ ਵਿੱਚ ਸੱਤਾਧਾਰੀ ਧਿਰ ਦੇ ਦੂਜੇ ਉਮੀਦਵਾਰ ਦੀ ਜਿੱਤ ਵੀ ਆਸਾਨ ਨਜ਼ਰ ਆ ਰਹੀ ਹੈ। ਭਾਜਪਾ ਨੇ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕਰ ਲਿਆ ਹੈ। ਵੋਟਿੰਗ ਦੌਰਾਨ ਕੌਂਸਲਰਾਂ ਨੂੰ ਹੱਥ ਖੜ੍ਹੇ ਕਰਕੇ ਵੋਟ ਦੇਣੀ ਹੋਵੇਗੀ, ਜਿਸ ਕਾਰਨ ਕਰਾਸ ਵੋਟਿੰਗ ਦੀ ਸੰਭਾਵਨਾ ਵੀ ਘੱਟ ਮੰਨੀ ਜਾ ਰਹੀ ਹੈ। -ਵੋਟਿੰਗ ਦੌਰਾਨ 12 ਕੈਮਰੇ ਰਹਿਣਗੇ ਤਾਇਨਾਤ ਨਗਰ ਨਿਗਮ ਵੱਲੋਂ ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਲਈ 12 ਕੈਮਰੇ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 6 ਕੈਮਰੇ ਸਿਰਫ਼ ਵੋਟਿੰਗ ਦੌਰਾਨ ਹੱਥ ਖੜ੍ਹੇ ਕਰਨ ਵਾਲੇ ਕੌਂਸਲਰਾਂ ’ਤੇ ਕੇਂਦਰਿਤ ਰਹਿਣਗੇ। ਇਨ੍ਹਾਂ ਦੀ ਨਿਗਰਾਨੀ ਜੁਆਇੰਟ ਕਮਿਸ਼ਨਰ ਤਪਨ ਭਨੋਟ ਕਰਨਗੇ। ਜੁਆਇੰਟ ਕਮਿਸ਼ਨਰ ਅਮਨਪ੍ਰੀਤ ਦੀ ਦੇਖ-ਰੇਖ ਹੇਠ 6 ਹੋਰ ਕੈਮਰੇ ਓਵਰਵਿਊ ਲਈ ਲਗਾਏ ਜਾਣਗੇ। ਗੁਰੂ ਨਾਨਕ ਦੇਵ ਭਵਨ ਵਿੱਚ ਕੌਂਸਲਰਾਂ ਲਈ ਚਾਰ ਬਲਾਕ ਬਣਾਏ ਜਾਣਗੇ। ਪਹਿਲੇ ਬਲਾਕ ਵਿੱਚ ‘ਆਪ’, ਦੂਜੇ ਵਿੱਚ ਕਾਂਗਰਸ, ਤੀਜੇ ਵਿੱਚ ਭਾਜਪਾ ਅਤੇ ਚੌਥੇ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬੈਠਣਗੇ। ਹਰੇਕ ਕਤਾਰ ਵਿੱਚ 16 ਕੁਰਸੀਆਂ ਲਗਾਈਆਂ ਜਾਣਗੀਆਂ ਅਤੇ ਇਕ ਕੁਰਸੀ ਖਾਲੀ ਛੱਡ ਕੇ ਕੌਂਸਲਰਾਂ ਨੂੰ ਬਿਠਾਇਆ ਜਾਵੇਗਾ। ਦੂਜੀ ਕਤਾਰ ਵਿੱਚ ਵੀ ਇਹੀ ਵਿਵਸਥਾ ਰਹੇਗੀ। ਹਰੇਕ ਕਤਾਰ ਲਈ ਨਗਰ ਨਿਗਮ ਦਾ ਇਕ ਸੁਪਰਡੈਂਟ ਅਤੇ ਦੋ ਇੰਸਪੈਕਟਰ ਤਾਇਨਾਤ ਰਹਿਣਗੇ। ਉਨ੍ਹਾਂ ਦੀ ਜ਼ਿੰਮੇਵਾਰੀ ਵੋਟਿੰਗ ਦੌਰਾਨ ਹੱਥ ਖੜ੍ਹੇ ਕਰਨ ਵਾਲੇ ਕੌਂਸਲਰਾਂ ਦੀ ਗਿਣਤੀ ਕਰਕੇ ਨਤੀਜਾ ਦੱਸਣ ਦੀ ਹੋਵੇਗੀ।