ਲੋਕ ਮਿਲਣੀ ਦੌਰਾਨ ਵਿਧਾਇਕ ਸੰਗੋਵਾਲ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਕਰਨਾ ਪਿਆ ਸਾਹਮਣਾ ਬਸੰਤ ਐਵਨਿਊ ਦੀ ਲੋਕ ਮਿਲਣੀ ਦੌਰਾਨ ਵਿਧਾਇਕ ਸੰਗੋਵਾਲ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ
Publish Date: Sat, 01 Aug 2026 09:02 PM (IST)
Updated Date: Sat, 01 Aug 2026 09:04 PM (IST)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ : ਹਲਕਾ ਗਿੱਲ ਦੀ ਬਸੰਤ ਐਵਨਿਊ ਕਾਲੋਨੀ ਵਿਖੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਕਰਵਾਈ ਗਈ ਲੋਕ ਮਿਲਣੀ ਉਸ ਵੇਲੇ ਗਰਮਾ ਗਈ, ਜਦੋਂ ਕਾਲੋਨੀ ਵਾਸੀਆਂ ਨੇ ਵਿਕਾਸ ਕਾਰਜਾਂ, ਸਰਕਾਰੀ ਗਰਾਂਟਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵਿਧਾਇਕ ਨੂੰ ਤਿੱਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਨਾ ਤਾਂ ਵਿਧਾਇਕ ਨੇ ਉਨ੍ਹਾਂ ਦੀ ਕੋਈ ਸਾਰ ਲਈ ਅਤੇ ਨਾ ਹੀ ਕਲੋਨੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਵਿਸ਼ੇਸ਼ ਗਰਾਂਟ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਚੋਣਾਂ ਨੇੜੇ ਆਉਣ ਕਾਰਨ ਹੀ ਲੋਕ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ। ਸਥਿਤੀ ਉਸ ਸਮੇਂ ਹੋਰ ਤਣਾਅਪੂਰਨ ਬਣ ਗਈ ਜਦੋਂ ਆਪ ਸਮਰਥਕਾਂ ਅਤੇ ਕਾਲੋਨੀ ਵਾਸੀਆਂ ਵਿਚਾਲੇ ਤਿੱਖੀ ਬਹਿਸ ਹੋ ਗਈ। ਹਾਲਾਂਕਿ ਮੌਕੇ ’ਤੇ ਮੌਜੂਦ ਕੁਝ ਮੋਹਤਬਰ ਵਿਅਕਤੀਆਂ ਨੇ ਦਖਲ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਾਲੋਨੀ ਦੀਆਂ ਸਮੱਸਿਆਵਾਂ ਲਈ ਕਾਲੋਨਾਈਜ਼ਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਸ ਨੂੰ ਡਿਫਾਲਟਰ ਕਰਾਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਲੋਨੀ ਦੇ ਵਿਕਾਸ ਲਈ ਪਹਿਲਾਂ ਵੀ ਗਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਵੀ ਵੱਡੀ ਗਰਾਂਟ ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਹੀ ਪੰਚਾਇਤ ਨੂੰ ਜਾਰੀ ਕਰ ਦਿੱਤੀ ਜਾਵੇਗੀ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੇ ਸਰਪੰਚ ਅਨੰਦ ਗੋਇਲ ਤੋਂ ਵੀ ਸਵਾਲ ਕੀਤੇ ਕਿ ਜੇਕਰ ਸਰਕਾਰ ਅਤੇ ਵਿਧਾਇਕ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਸਨ ਤਾਂ ਪੂਰੇ ਕਾਰਜਕਾਲ ਦੌਰਾਨ ਲੋਕਾਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤ ਨੂੰ ਮਿਲੀਆਂ ਗਰਾਂਟਾਂ ਦਾ ਵੇਰਵਾ ਵੀ ਮੰਗਿਆ। ਇਸ ਮੌਕੇ ਸਰਪੰਚ ਅਨੰਦ ਗੋਇਲ ਨੇ ਦੱਸਿਆ ਕਿ ਪੰਚਾਇਤ ਨੂੰ ਸਿਰਫ਼ ਕੇਂਦਰ ਸਰਕਾਰ ਦੇ 15ਵੇਂ ਅਤੇ 16ਵੇਂ ਵਿੱਤ ਕਮਿਸ਼ਨ ਤਹਿਤ ਹੀ ਗਰਾਂਟਾਂ ਪ੍ਰਾਪਤ ਹੋਈਆਂ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਕੋਈ ਗਰਾਂਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਅੱਜ ਵੀ ਸਿਰਫ਼ ਗਰਾਂਟ ਦਾ ਐਲਾਨ ਕੀਤਾ ਗਿਆ ਹੈ, ਪਰ ਪੰਚਾਇਤ ਨੂੰ ਅਜੇ ਤੱਕ ਕੋਈ ਚੈੱਕ ਪ੍ਰਾਪਤ ਨਹੀਂ ਹੋਇਆ। ਇਸ ਮੌਕੇ ਕਾਲੋਨੀ ਵਾਸੀਆਂ ਨੇ ਸੀਵਰੇਜ ਦੀ ਮਾੜੀ ਹਾਲਤ ਦਾ ਮੁੱਦਾ ਵੀ ਉਠਾਇਆ, ਜਿਸ ’ਤੇ ਸਰਪੰਚ ਨੇ ਕਿਹਾ ਕਿ ਕੁਝ ਹਿੱਸਿਆਂ ਵਿੱਚ ਸਮੱਸਿਆ ਹੈ ਅਤੇ ਇਸ ਦਾ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਦੌਰਾਨ ਇੱਕ ਦਿਲਚਸਪ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪੱਤਰਕਾਰਾਂ ਨੇ ਵਿਧਾਇਕ ਨੂੰ ਪੁੱਛਿਆ ਕਿ ਜੇਕਰ ਸਰਕਾਰ ਵੱਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਫਿਰ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਨਾਰਾਜ਼ਗੀ ਕਿਉਂ ਦਿਖਾਈ ਦੇ ਰਹੀ ਹੈ। ਇਸ ਸਵਾਲ ਦੇ ਜਵਾਬ ਵਿੱਚ ਵਿਧਾਇਕ ਨੇ ਸਵਾਲ ਨੂੰ ਹੀ ਗਲਤ ਕਰਾਰ ਦਿੰਦਿਆਂ ਸਿੱਧਾ ਜਵਾਬ ਦੇਣ ਦੀ ਬਜਾਏ ਗੱਲ ਨੂੰ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੇ ਇੱਕ ਸਮਰਥਕ ਨੇ ਮੌਕੇ ਤੇ ਮੌਜੂਦ ਆਪਣੇ ਪੱਖ ਦੇ ਇੱਕ ਪੱਤਰਕਾਰ ਨੂੰ ਸਵਾਲ ਪੁੱਛਣ ਲਈ ਕਿਹਾ। ਇਸ ਮੌਕੇ ਬਸੰਤ ਐਵਨਿਊ ਦੇ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।