ਜਗਰਾਓਂ ਤੋਂ 35 ਬੱਸਾਂ ਦਾ ਕਾਫ਼ਲਾ ਲੈ ਕੇ ਵਿਧਾਇਕਾ ਪੁੱਜੇ ਕਿਲੀ ਚਾਹਲਾਂ ਰੈਲੀ
ਜਗਰਾਓਂ ਤੋਂ 35 ਬੱਸਾਂ ਦਾ ਕਾਫ਼ਲਾ ਲੈ ਕੇ ਵਿਧਾਇਕਾ ਪੁੱਜੇ ਕਿਲੀ ਚਾਹਲਾਂ ਰੈਲੀ
Publish Date: Mon, 16 Feb 2026 07:26 PM (IST)
Updated Date: Tue, 17 Feb 2026 04:09 AM (IST)

-ਪੰਜਾਬ ਦਾ ਆਵਾਮ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਹੋਇਆ ਇਕਜੁਟ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੂਜੀ ਮੁਹਿੰਮ ਦੇ ਆਗਾਜ਼ ਲਈ ਮੋਗਾ ਦੇ ਪਿੰਡ ਕਿਲੀ ਚਾਹਲਾਂ ਰੱਖੀ ਗਈ ਰੈਲੀ ਵਿਚ ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ 35 ਬੱਸਾਂ ਦੇ ਕਾਫ਼ਲੇ ਨਾਲ ਰਵਾਨਾ ਹੋਏ। ਉਨ੍ਹਾਂ ਜਗਰਾਓਂ ਤੋਂ ਇਨ੍ਹਾਂ ਬੱਸਾਂ ਦੇ ਕਾਫ਼ਲੇ ਨੂੰ ਰਵਾਨਾ ਕਰਦਿਆਂ ਵੱਡੀ ਗਿਣਤੀ ’ਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਅੱਜ ਦੇ ਵੱਡੇ ਇਕੱਠ ਦੇ ਰੈਲੀ ਵਿਚ ਜਗਰਾਓਂ ਤੋਂ ਸ਼ਾਮਲ ਹੋਣ ਲਈ ਜਾਂਦਿਆਂ ਇਕੱਠ ਨੇ ਸਰਕਾਰ ਦੇ ਹੱਕ ਵਿਚ ਨਾਅਰੇ ਵੀ ਲਗਾਏ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ ਪੰਜਾਬ ਦੇ ਆਵਾਮ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਅਹਿਦ ਲਿਆ ਹੈ, ਗੁਰੂ ਸਾਹਿਬ ਕ੍ਰਿਪਾ ਕਰਨ, ਪਹਿਲਾਂ ਵਾਂਗ ਹੱਸਦਾ ਨੱਚਦਾ ਪੰਜਾਬ ਫਿਰ ਤੋਂ ਰੰਗਲੇ ਪੰਜਾਬ ਦੀ ਉਸਾਰੀ ਲਈ ਸਫਲ ਹੋਵੇ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਖ਼ਿਲਾਫ਼ ਪ੍ਰਚਾਰ ਕਰਨ ਵਾਲੀਆਂ ਦੋਵੇਂ ਰਾਜਨੀਤਿਕ ਪਾਰਟੀਆਂ ਆਪਣੀ ਪੀੜੀ ਥੱਲੇ ਸੋਟਾ ਮਾਰਨ ਅਤੇ ਦੇਖਣ ਉਨ੍ਹਾਂ ਦੇ ਰਾਜ ਵਿਚ ਇਹ ਨਸ਼ਾ ਕਿਸ ਤਰ੍ਹਾਂ ਪੈਦਾ ਹੋਇਆ। ਇਸ ਦੀ ਜਨਣੀ ਉਹ ਖੁਦ ਹਨ ਅਤੇ ਇਸ ਨਸ਼ੇ ਨੂੰ ਪੰਜਾਬ ਦੇ ਘਰ ਘਰ ਪਹੁੰਚਾ ਕੇ ਕਿੰਨੇ ਪਰਿਵਾਰ ਉਜਾੜੇ, ਕਿੰਨੀਆਂ ਜਾਨਾਂ ਲਈਆਂ ਤੋਂ ਚਾਹੇ ਇਹ ਸਾਰੇ ਮੂੰਹ ਲੁਕਾਉਂਦੇ ਫਿਰਨ ਪਰ ਪ੍ਰਮਾਤਮਾ ਦੇ ਘਰ ਉਨ੍ਹਾਂ ਦੀ ਇੱਕ ਇੱਕ ਗਲਤੀ ਦਾ ਲੇਖਾ ਜੋਖਾ ਹੋਣਾ ਹੈ। ਵਿਧਾਇਕਾ ਨੇ ਅੱਜ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਜਗਰਾਓਂ ਦੇ ਵਲੰਟੀਅਰਾਂ ਵੱਲੋਂ ਪਾਏ ਗਏ ਯੋਗਦਾਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਰੀੜ ਦੀ ਹੱਡੀ ਹਨ, ਜਿਨ੍ਹਾਂ ’ਤੇ ਪਾਰਟੀ ਨੂੰ ਹਮੇਸ਼ਾ ਹੀ ਮਾਣ ਰਿਹਾ ਹੈ ਅਤੇ ਰਹੇਗਾ। ਇਸ ਮੌਕੇ ‘ਆਪ’ ਆਗੂ ਪ੍ਰੋ. ਸੁਖਵਿੰਦਰ ਸਿੰਘ, ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਹਲਕਾ ਕੋਆਰਡੀਨੇਟਰ ਧਰਮਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਵਿੱਕੀ ਥਿੰਦ, ਮਾਸਟਰ ਪਰਮਿੰਦਰ ਸਿੰਘ, ਸਾਜਨ ਮਲਹੋਤਰਾ ਆਦਿ ਹਾਜ਼ਰ ਸਨ।