ਸੜਕਾਂ ’ਤੇ ਬੇਖ਼ੌਫ਼ ਲੁਟੇਰੇ : ਥਾਰ ਸਵਾਰ ਦੋ ਬਦਮਾਸ਼ਾਂ ਨੇ ਐਂਡੇਵਰ ਘੇਰਨ ਦੀ ਕੀਤੀ ਕੋਸ਼ਿਸ਼, ਚਲਦੀ ਕਾਰ ’ਚੋਂ ਕਲੋਨਾਈਜ਼ਰ ਦੀ ਪੰਜ ਤੋਲੇ ਦੀ ਚੇਨ ਝਪਟੀ
ਲੁਧਿਆਣਾ-ਦਿੱਲੀ ਕੌਮੀ ਮਾਰਗ ’ਤੇ ਸਾਹਨੇਵਾਲ ਨੇੜੇ ਬਦਮਾਸ਼ਾਂ ਨੇ ਫਿਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਲੋਕ ਇਸ ਰਸਤੇ ਤੇ ਚਲਦੀ ਗੱਡੀ ਵਿੱਚ ਵੀ ਸੁਰੱਖਿਤ ਨਹੀਂ ਹਨ। ਦੇਰ ਰਾਤ ਕਾਲੇ ਰੰਗ ਦੀ ਥਾਰ ’ਚ ਸਵਾਰ ਦੋ ਬਦਮਾਸ਼ਾਂ ਨੇ ਇੱਕ ਕਲੋਨਾਈਜ਼ਰ ਦੀ ਐਂਡੇਵਰ ਕਾਰ ਦਾ ਕਾਫ਼ੀ ਦੂਰ ਤੱਕ ਪਿੱਛਾ ਕੀਤਾ ਅਤੇ ਕਈ ਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
Publish Date: Sat, 21 Nov 2026 01:52 PM (IST)
Updated Date: Sat, 21 Nov 2026 01:53 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ-ਦਿੱਲੀ ਕੌਮੀ ਮਾਰਗ ’ਤੇ ਸਾਹਨੇਵਾਲ ਨੇੜੇ ਬਦਮਾਸ਼ਾਂ ਨੇ ਫਿਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਲੋਕ ਇਸ ਰਸਤੇ ਤੇ ਚਲਦੀ ਗੱਡੀ ਵਿੱਚ ਵੀ ਸੁਰੱਖਿਤ ਨਹੀਂ ਹਨ। ਦੇਰ ਰਾਤ ਕਾਲੇ ਰੰਗ ਦੀ ਥਾਰ ’ਚ ਸਵਾਰ ਦੋ ਬਦਮਾਸ਼ਾਂ ਨੇ ਇੱਕ ਕਲੋਨਾਈਜ਼ਰ ਦੀ ਐਂਡੇਵਰ ਕਾਰ ਦਾ ਕਾਫ਼ੀ ਦੂਰ ਤੱਕ ਪਿੱਛਾ ਕੀਤਾ ਅਤੇ ਕਈ ਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਕਲੋਨਾਈਜ਼ਰ ਨੇ ਗੱਡੀ ਨਹੀਂ ਰੋਕੀ ਤਾਂ ਮੁਲਜ਼ਮਾਂ ਨੇ ਆਪਣੀ ਥਾਰ ਕਾਰ ਦੇ ਬਰਾਬਰ ਲਿਆ ਕੇ ਉਸ ਦੇ ਗਲੇ ਵਿੱਚੋਂ ਪੰਜ ਤੋਲੇ ਸੋਨੇ ਦੀ ਚੇਨ ਝਪਟ ਲਈ ਅਤੇ ਦਿੱਲੀ ਵੱਲ ਫ਼ਰਾਰ ਹੋ ਗਏ। ਪੀੜਤ ਨੂੰ ਖ਼ਦਸ਼ਾ ਹੈ ਕਿ ਬਦਮਾਸ਼ ਉਸ ਦੀ ਐਂਡੇਵਰ ਕਾਰ ਲੁੱਟਣ ਦੇ ਇਰਾਦੇ ਨਾਲ ਪਿੱਛਾ ਕਰ ਰਹੇ ਸਨ, ਪਰ ਉਹ ਉਨ੍ਹਾਂ ਦੇ ਮਨਸੂਬਿਆਂ ਨੂੰ ਭਾਂਪਦਿਆਂ ਲਗਾਤਾਰ ਗੱਡੀ ਭਜਾਉਂਦਾ ਰਿਹਾ।
ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਬਦਮਾਸ਼ਾਂ ਨੇ ਇੱਕ ਐਨਆਰਆਈ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ। ਉਸ ਸਮੇਂ ਪਰਿਵਾਰ ਦੇ ਇੱਕ ਵਿਅਕਤੀ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਝਪਟ ਲਈ ਗਈ ਸੀ ਅਤੇ ਬਦਮਾਸ਼ਾਂ ਨੇ ਉਸ ਦੀ ਗੋਦੀ ਵਿੱਚ ਬੈਠੇ ਕੁਝ ਮਹੀਨਿਆਂ ਦੇ ਬੱਚੇ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਐਨਆਰਆਈ ਪਰਿਵਾਰ ਉਸ ਵੇਲੇ ਜਹਾਜ਼ ਚੜਨ ਲਈ ਦਿੱਲੀ ਜਾ ਰਿਹਾ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਵਾਰਦਾਤਾਂ ਨੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਬਸੰਤ ਐਵਨਿਊ, ਦੁੱਗਰੀ ਦੇ ਰਹਿਣ ਵਾਲੇ ਕਲੋਨਾਈਜ਼ਰ ਪਿਊਸ਼ ਰਾਏ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਐਂਡੇਵਰ ਕਾਰ ’ਤੇ ਸਵਾਰ ਹੋ ਕੇ ਲੁਧਿਆਣਾ-ਦਿੱਲੀ ਕੌਮੀ ਮਾਰਗ ’ਤੇ ਸਾਹਨੇਵਾਲ ਨੇੜੇ ਸਥਿਤ ਭਰਾਵਾਂ ਦੇ ਢਾਬੇ ’ਤੇ ਰਾਤ ਦਾ ਖਾਣਾ ਖਾਣ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਮਜਾਰਾ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆਈ ਇੱਕ ਕਾਲੇ ਰੰਗ ਦੀ ਥਾਰ ਉਸ ਦੀ ਕਾਰ ਦੇ ਪਿੱਛੇ ਲੱਗ ਗਈ। ਥਾਰ ਵਿੱਚ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਕੁਝ ਦੂਰੀ ਤੱਕ ਉਸ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਓਵਰਟੇਕ ਕਰਕੇ ਰੋਕਣ ਦੀ ਕੋਸ਼ਿਸ਼, ਬਰਾਬਰ ਆ ਕੇ ਝਪਟੀ ਚੇਨ ਸ਼ਿਕਾਇਤਕਰਤਾ ਮੁਤਾਬਕ ਥਾਰ ਸਵਾਰਾਂ ਨੇ ਕਈ ਵਾਰ ਉਸ ਦੀ ਐਂਡੇਵਰ ਕਾਰ ਨੂੰ ਓਵਰਟੇਕ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ। ਇਸ ਲਈ ਉਸ ਨੇ ਕਾਰ ਦੀ ਰਫ਼ਤਾਰ ਵਧਾ ਦਿੱਤੀ ਅਤੇ ਗੱਡੀ ਰੋਕਣ ਦੀ ਬਜਾਏ ਅੱਗੇ ਭਜਾਉਂਦਾ ਰਿਹਾ। ਇਸ ਦੇ ਬਾਵਜੂਦ ਮੁਲਜ਼ਮਾਂ ਨੇ ਪਿੱਛਾ ਕਰਨਾ ਨਹੀਂ ਛੱਡਿਆ। ਆਖ਼ਰਕਾਰ ਉਨ੍ਹਾਂ ਨੇ ਆਪਣੀ ਥਾਰ ਐਂਡੇਵਰ ਕਾਰ ਦੇ ਬਰਾਬਰ ਲਿਆ ਦਿੱਤੀ ਅਤੇ ਚਲਦੀ ਗੱਡੀ ਵਿੱਚੋਂ ਹੀ ਪਿਊਸ਼ ਰਾਏ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਝਪਟ ਲਈ। ਪੀੜਤ ਅਨੁਸਾਰ ਚੇਨ ਦਾ ਵਜ਼ਨ ਪੰਜ ਤੋਲੇ ਸੀ। ਇਸ ਵਾਰਦਾਤ ਵਿੱਚ ਉਸਦਾ ਕੁੜਤਾ ਫਟ ਗਿਆ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਥਾਰ ਸਮੇਤ ਦਿੱਲੀ ਵੱਲ ਫ਼ਰਾਰ ਹੋ ਗਏ।
ਕਾਰ ਲੁੱਟਣ ਦੇ ਇਰਾਦੇ ਦਾ ਜਤਾਇਆ ਖ਼ਦਸ਼ਾ ਕਲੋਨਾਈਜ਼ਰ ਨੇ ਦੱਸਿਆ ਕਿ ਜਿਸ ਤਰ੍ਹਾਂ ਮੁਲਜ਼ਮ ਲਗਾਤਾਰ ਉਸ ਦੀ ਗੱਡੀ ਦਾ ਪਿੱਛਾ ਕਰ ਰਹੇ ਸਨ ਅਤੇ ਕਈ ਵਾਰ ਰੋਕਣ ਦੀ ਕੋਸ਼ਿਸ਼ ਕਰ ਚੁੱਕੇ ਸਨ, ਉਸ ਤੋਂ ਉਸ ਨੂੰ ਖ਼ਦਸ਼ਾ ਹੈ ਕਿ ਉਹ ਉਸ ਦੀ ਐਂਡੇਵਰ ਕਾਰ ਲੁੱਟਣਾ ਚਾਹੁੰਦੇ ਸਨ। ਹਾਲਾਂਕਿ, ਮੁਲਜ਼ਮ ਕਾਰ ਲੁੱਟਣ ਵਿੱਚ ਕਾਮਯਾਬ ਨਹੀਂ ਹੋਏ ਅਤੇ ਉਸ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਪਿਊਸ਼ ਨੇ ਦੱਸਿਆ ਕਿ ਜੇਕਰ ਉਸਦੀ ਕਾਰ ਰੁਕ ਜਾਂਦੀ ਤਾਂ ਬਦਮਾਸ਼ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ। ਪੀੜਤ ਨੇ ਬਦਮਾਸ਼ਾਂ ਦੀ ਥਾਰ ਦਾ ਨੰਬਰ ਨੋਟ ਕਰ ਲਿਆ ਸੀ, ਜਿਸ ਦੀ ਜਾਣਕਾਰੀ ਉਸ ਨੇ ਪੁਲਿਸ ਨੂੰ ਦੇ ਦਿੱਤੀ ਹੈ।
ਕੁਝ ਦਿਨ ਪਹਿਲਾਂ ਐਨਆਰਆਈ ਪਰਿਵਾਰ ਨੂੰ ਵੀ ਬਣਾਇਆ ਸੀ ਨਿਸ਼ਾਨਾ ਇਸ ਇਲਾਕੇ ਵਿੱਚ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ। ਕੁਝ ਦਿਨ ਪਹਿਲਾਂ ਵੀ ਇਸੇ ਜਗ੍ਹਾ ਦੇ ਨੇੜੇ ਬਦਮਾਸ਼ਾਂ ਨੇ ਇੱਕ ਐਨਆਰਆਈ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ। ਉਸ ਵਾਰਦਾਤ ਦੌਰਾਨ ਪਰਿਵਾਰ ਦੇ ਇੱਕ ਵਿਅਕਤੀ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਝਪਟ ਲਈ ਗਈ ਸੀ। ਬਦਮਾਸ਼ਾਂ ਨੇ ਹੱਦ ਤਾਂ ਉਸ ਸਮੇਂ ਕਰ ਦਿੱਤੀ ਜਦੋਂ ਉਨ੍ਹਾਂ ਨੇ ਐਨਆਰਆਈ ਦੀ ਗੋਦੀ ਵਿੱਚ ਬੈਠੇ ਕੁਝ ਮਹੀਨਿਆਂ ਦੇ ਬੱਚੇ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਲਗਾਤਾਰ ਦੋ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਰਾਤ ਸਮੇਂ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਉਧਰ, ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕਲੋਨਾਈਜ਼ਰ ਪਿਊਸ਼ ਰਾਏ ਦੀ ਸ਼ਿਕਾਇਤ ’ਤੇ ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਦੋ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਗਈ ਥਾਰ ਦੀ ਨੰਬਰ ਪਲੇਟ ਦੀ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਨੂੰ ਹੱਲ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟੀ ਹੋਈ ਹੈ।