- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੋਬਿੰਦ ਗਊਸ਼ਾਲਾ ਵਿਖੇ ਗੋਪਾਸ਼ਟਮੀ ਮੌਕੇ ਗਊ ਮਾਤਾ ਦੀ ਪੂਜਾ-ਅਰਚਨਾ ਕਰਕੇ ਮੰਤਰੀ ਸੌਂਦ ਨੇ ਲਿਆ ਆਸ਼ੀਰਵਾਦ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਸ੍ਰੀ ਗੋਬਿੰਦ ਗਊਸ਼ਾਲਾ ਮਲੇਰਕੋਟਲਾ ਰੋਡ ਖੰਨਾ ਵਿਖੇ 21ਵਾਂ ਵਿਸ਼ਾਲ ਗੋਪਾਸ਼ਟਮੀ ਮਹਾਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਧੀ-ਵਿਧਾਨ ਨਾਲ ਗਊ ਮਾਤਾ ਦੀ ਪੂਜਾ-ਅਰਚਨਾ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਉਨ੍ਹਾਂ ਨੇ ਹਵਨ ਯੱਗ ’ਚ ਆਹੂਤੀਆਂ ਪਾਉਂਦਿਆਂ ਵਿਸ਼ਵ ਕਲਿਆਣ, ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਮੁੱਚੀ ਲੋਕਾਈ ਦੀ ਤਰੱਕੀ ਲਈ ਅਰਦਾਸ ਕੀਤੀ। ਮਹਾਉਤਸਵ ਦੌਰਾਨ ਧਾਰਮਿਕ ਪਰੰਪਰਾਵਾਂ ਅਨੁਸਾਰ ਸਵੇਰੇ ਹਵਨ ਯੱਗ ਕਰਵਾਇਆ ਗਿਆ, ਜਿਸ ਤੋਂ ਬਾਅਦ ਗਊ ਪੂਜਨ, ਕੀਰਤਨ ਤੇ ਹੋਰ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਇਸ ਦੇ ਨਾਲ ਹੀ ਬ੍ਰਾਹਮਣ ਪੂਜਨ ਤੇ ਬ੍ਰਹਮ ਭੋਜ ਦਾ ਪ੍ਰਬੰਧ ਵੀ ਕੀਤਾ ਗਿਆ। ਵੱਡੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਨੇ ਗਊ ਮਾਤਾ ਦੇ ਦਰਸ਼ਨ ਕਰ ਕੇ ਧਾਰਮਿਕ ਸਮਾਗਮਾਂ ’ਚ ਸ਼ਮੂਲੀਅਤ ਕੀਤੀ ਤੇ ਪੁੰਨ ਪ੍ਰਾਪਤ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ’ਚ ਗਊ ਮਾਤਾ ਦਾ ਵਿਸ਼ੇਸ਼ ਧਾਰਮਿਕ ਤੇ ਅਧਿਆਤਮਿਕ ਮਹੱਤਵ ਹੈ। ਗਊ ਸੇਵਾ ਸਾਡੀਆਂ ਪ੍ਰਾਚੀਨ ਪਰੰਪਰਾਵਾਂ ਤੇ ਸੰਸਕਾਰਾਂ ਦਾ ਅਨਿੱਖੜਵਾਂ ਅੰਗ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਸਦਭਾਵਨਾ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਾਰਿਆਂ ਨੂੰ ਗਊ ਸੇਵਾ ਤੇ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਮਹਾਉਤਸਵ ਦੇ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸਮੇਤ ਮੌਜੂਦ ਪਤਵੰਤੇ ਸੱਜਣਾਂ ਦਾ ਸਵਾਗਤ ਕਰਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਮਾਗਮ ਦੌਰਾਨ ਧਾਰਮਿਕ ਮਾਹੌਲ ਬਣਿਆ ਰਿਹਾ ਤੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਹੋਤਸਵ ’ਚ ਹਿੱਸਾ ਲਿਆ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਆਮ ਆਦਮੀ ਪਾਰਟੀ ਦੇ ਪਤਵੰਤੇ ਆਗੂ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।