ਮੰਤਰੀ ਸੌਂਦ ਨੇ ਸਾਢੇ 4 ਸਾਲਾਂ ’ਚ 1 ਹਜ਼ਾਰ ਕਰੋੜ ਦੀ ਜਾਇਦਾਦ ਬਣਾਈ : ਯਾਦੂ ਮੰਤਰੀ ਸੌਂਦ ਨੇ ਸਾਢੇ ਚਾਰ ਸਾਲਾਂ ’ਚ ਇੱਕ ਹਜ਼ਾਰ ਕਰੋੜ ਦੀ ਜਾਇਦਾਦ ਬਣਾਈ—ਯਾਦੂ
Publish Date: Tue, 29 Sep 2026 08:09 PM (IST)
Updated Date: Wed, 30 Sep 2026 04:10 AM (IST)
ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੰਤਰੀ ਸੌਂਦ ਦੀ ਜਾਇਦਾਦ ਦੀ ਹੋਵੇਗੀ ਜਾਂਚ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਡੋਪ ਟੈਸਟ ਕਰਵਾਉਣ ਤੋਂ ਬਾਅਦ ਖੰਨਾ ਦੀ ਸਿਆਸਤ ਕਾਫ਼ੀ ਗਰਮਾ ਗਈ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਮੰਤਰੀ ਸੌਂਦ ਵੱਲੋਂ ਪਿਛਲੇ ਦਿਨ ਯਾਦੂ ’ਤੇ ਪਰਚਿਆਂ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ ਦਾ ਜਵਾਬ ਦਿੰਦਿਆਂ ਯਾਦੂ ਨੇ ਉਨ੍ਹਾਂ ’ਤੇ ਤਿੱਖਾ ਸਿਆਸੀ ਹਮਲਾ ਕੀਤਾ। ਯਾਦੂ ਨੇ ਕਿਹਾ ਕਿ ਮੰਤਰੀ ਸੌਂਦ ਵੱਲੋਂ ਹਰ ਵਾਰ ਉਨ੍ਹਾਂ ਦੇ ਪਿਛੋਕੜ ਨੂੰ ਲੈ ਕੇ ਮੰਚਾਂ ਅਤੇ ਸਮਾਜਿਕ ਤੌਰ ’ਤੇ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਸਮੇਂ ਉਨ੍ਹਾਂ ਖ਼ਿਲਾਫ਼ ਲੜਾਈ-ਝਗੜੇ ਨਾਲ ਸਬੰਧਤ ਕੇਸ ਦਰਜ ਹੋਏ ਸਨ। ਜਦੋਂ ਉਹ ਰਾਜਨੀਤੀ ’ਚ ਆਏ ਤਾਂ ਲੋਕਾਂ ਦੇ ਹੱਕਾਂ ਲਈ ਲੜ੍ਹਾਈ ਲੜਦਿਆਂ ਭਾਵੇਂ ਅਕਾਲੀ ਦਲ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ, ਸਾਰਿਆਂ ਨੇ ਸਿਆਸੀ ਰੰਜਿਸ਼ ਤਹਿਤ ਮਾਮਲੇ ਦਰਜ ਕਰਵਾਏ ਗਏ। ਆਪ ਸਰਕਾਰ ’ਚ ਮੰਤਰੀ ਸੌਂਦ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਝੂਠੇ ਮੁਕੱਦਮੇ ਦਰਜ ਕਰਾਏ। ਜਿਹੜੇ ਪਰਚਿਆਂ ਦੀ ਗੱਲ ਮੰਤਰੀ ਸੌਂਦ ਕਰ ਰਹੇ ਹਨ, ਉਹਨਾਂ ਚੋਂ ਤਕਰੀਬਨ ਸਾਰੇ ਮਾਮਲਿਆਂ ’ਚ ਬਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਮਾਮਲਾ ਅਜੇ ਅਦਾਲਤ ’ਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਹੈ। ਯਾਦੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਲੁੱਟ-ਖੋਹ ਜਾਂ ਫਿਰੌਤੀ ਦੇ ਕੇਸ ਹੋਣ ਦੀ ਗੱਲ ਕਰਨਾ ਗ਼ਲਤ ਹੈ। ਉਹਨਾਂ ਦਾ ਅਕਸ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਯਾਦੂ ਨੇ ਮੰਤਰੀ ਸੌਂਦ ਦੀ ਜਾਇਦਾਦ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਸੌਂਦ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ’ਚ ਕਰੀਬ 4 ਕਰੋੜ ਰੁਪਏ ਦੀ ਕੁੱਲ ਜਾਇਦਾਦ ਦਰਜ ਕੀਤੀ ਗਈ ਸੀ ਅਤੇ ਦੇਣਦਾਰੀਆਂ ਵੀ ਦਰਸਾਈਆਂ ਗਈਆਂ ਸਨ। ਹੁਣ ਮੰਤਰੀ ਸੌਂਦ ਦੀ ਜਾਇਦਾਦ 4 ਕਰੋੜ ਤੋਂ ਵੱਧ ਕੇ ਇੱਕ ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜਿਹੜੀ ਰਿਸਤੇਦਾਰਾਂ ਤੇ ਪਰਿਵਾਰਿਕ ਮੈਂਬਰਾਂ ਦੇ ਨਾਮ ਕਰਵਾਈ ਗਈ। ਯਾਦੂ ਨੇ ਇਹ ਵੀ ਦਾਅਵਾ ਕੀਤਾ ਕਿ ਮੰਤਰੀ ਬਣਨ ਤੋਂ ਬਾਅਦ ਸਨਸਿਟੀ ’ਚ ਕਰੋੜਾਂ ਰੁਪਏ ਦੀ ਕੋਠੀ ਬਣਾਈ ਗਈ ਹੈ ਅਤੇ ਜਨਤਾ ਨੂੰ ਜਾਇਦਾਦ ’ਚ ਹੋਏ ਵਾਧੇ ਦਾ ਹਿਸਾਬ ਦੇਣਾ ਚਾਹੀਦਾ ਹੈ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਵਾਈ ਜਾਵੇਗੀ। ਯਾਦੂ ਨੇ ਕਿਹਾ ਕਿ ਉਹ ਮੰਤਰੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਸਿਆਸੀ ਅਤੇ ਕਾਨੂੰਨੀ ਤੌਰ ’ਤੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਨੂੰ ਲੋਕਾਂ ’ਚ ਲੈ ਕੇ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੰਤਰੀ ਸੌਂਦ ਆਪਣੀ ਜਾਇਦਾਦ ’ਚ ਹੋਏ ਵਾਧੇ ਬਾਰੇ ਸਪੱਸ਼ਟੀਕਰਨ ਦੇਣ। ਇਸ ਮੌਕੇ ਵਕੀਲ ਜਤਿੰਦਪਾਲ ਸਿੰਘ, ਸਰਵਦੀਪ ਸਿੰਘ ਕਾਲੀਰਾਓ, ਫ਼ੌਰੀ ਬਲਵਿੰਦਰ ਸ਼ਰਮਾ, ਤੇਜਿੰਦਰ ਸਿੰਘ ਇਕੋਲਾਹਾ, ਪਵਨਜੋਤ ਸਿੰਘ ਹਰਿਓ, ਮਨਜੋਤ ਸਿੰਘ ਮੋਨੂੰ, ਬਲਜਿੰਦਰ ਸਿੰਘ ਬਿੰਦੀ ਸੇਖੋਂ, ਪਰਵਿੰਦਰ ਸਿੰਘ ਸੋਨੂੰ ਨਾਗਰਾ, ਹਰਜੰਗ ਸਿੰਘ ਗੰਢੂਆਂ, ਅਜਮੇਰ ਸਿੰਘ ਇਕੋਲਾਹੀ, ਕੌਂਸਲਰ ਰਵਿੰਦਰ ਸਿੰਘ ਕਾਲੀਰਾਓ, ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ, ਰਵਿੰਦਰ ਸਿੰਘ ਬੱਗਾ, ਜਗਦੀਸ਼ ਸਿੰਘ ਕੋਟਾਂ, ਜੋਗਿੰਦਰ ਸਿੰਘ ਕਾਕਾ, ਜਤਿੰਦਰ ਸਿੰਘ ਮਹਿਮੀ, ਹਰਮਨ ਸਿੰਘ ਛੋਟਾ ਖੰਨਾ, ਅਰਵਿੰਦਰ ਬਿੱਟੂ, ਹਰਪ੍ਰੀਤ ਸਿੰਘ ਕਾਲਾ, ਰਮਨ ਸਟੂਡਿਓ, ਤਲਵਿੰਦਰ ਸਿੰਘ ਮੋਹਨਪੁਰ, ਜੱਸੀ ਇਕੋਲਾਹਾ ਆਦਿ ਹਾਜ਼ਰ ਸਨ।