ਲੁਧਿਆਣਾ 'ਚ ਅੱਧੀ ਰਾਤ ਗੁੰਡਾਗਰਦੀ ! ਸਾਊਥ ਸਿਟੀ 'ਚ ਅੱਧੀ ਰਾਤ ਚੱਲੀਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਨਸਨੀ
ਲੁਧਿਆਣਾ ਦੇ ਪੌਸ਼ ਇਲਾਕੇ ਸਾਊਥ ਸਿਟੀ ਵਿੱਚ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅਣਪਛਾਤੇ ਹਮਲਾਵਰਾਂ ਨੇ ਇਲਾਕੇ ਵਿੱਚ ਪੈਂਦੇ ਕੋਠਾਰੀ ਮਾਰਬਲ ਸ਼ੋਅਰੂਮ ਦੇ ਬਾਹਰ ਬਣੇ ਸੁਰੱਖਿਆ ਗਾਰਡ ਦੇ ਲੋਹੇ ਦੇ ਕੈਬਿਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਇਰਿੰਗ ਕੀਤੀ। ਗੋਲੀ ਕੈਬਿਨ ਨੂੰ ਚੀਰਦੀ ਹੋਈ ਆਰ-ਪਾਰ ਨਿਕਲ ਗਈ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾਅ ਹੀ ਰਿਹਾ। ਵਾਰਦਾਤ ਤੋਂ ਬਾਅਦ ਹਮਲਾਵਰ ਤੇਜ਼ ਰਫ਼ਤਾਰ ਕਾਲੇ ਰੰਗ ਦੀ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 19 Jul 2026 11:11 AM (IST)
Updated Date: Sun, 19 Jul 2026 11:13 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਦੇ ਪੌਸ਼ ਇਲਾਕੇ ਸਾਊਥ ਸਿਟੀ ਵਿੱਚ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅਣਪਛਾਤੇ ਹਮਲਾਵਰਾਂ ਨੇ ਇਲਾਕੇ ਵਿੱਚ ਪੈਂਦੇ ਕੋਠਾਰੀ ਮਾਰਬਲ ਸ਼ੋਅਰੂਮ ਦੇ ਬਾਹਰ ਬਣੇ ਸੁਰੱਖਿਆ ਗਾਰਡ ਦੇ ਲੋਹੇ ਦੇ ਕੈਬਿਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਇਰਿੰਗ ਕੀਤੀ। ਗੋਲੀ ਕੈਬਿਨ ਨੂੰ ਚੀਰਦੀ ਹੋਈ ਆਰ-ਪਾਰ ਨਿਕਲ ਗਈ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾਅ ਹੀ ਰਿਹਾ। ਵਾਰਦਾਤ ਤੋਂ ਬਾਅਦ ਹਮਲਾਵਰ ਤੇਜ਼ ਰਫ਼ਤਾਰ ਕਾਲੇ ਰੰਗ ਦੀ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਦੇਰ ਰਾਤ ਕਰੀਬ 12:30 ਵਜੇ ਸਾਊਥ ਸਿਟੀ ਸਥਿਤ ਸਪਰਸ਼ ਕੋਠਾਰੀ ਮਾਰਬਲਜ਼ ਦੇ ਬਾਹਰ ਵਾਪਰੀ। ਉਸ ਸਮੇਂ ਨਾਈਟ ਸਿਕਿਉਰਿਟੀ ਗਾਰਡ ਗੁਰਪ੍ਰੀਤ ਸਿੰਘ ਡਿਊਟੀ 'ਤੇ ਤਾਇਨਾਤ ਸੀ। ਰਾਤ ਦੀ ਚੁੱਪ ਵਿੱਚ ਉਸ ਨੂੰ ਪਹਿਲਾਂ ਪਟਾਕਿਆਂ ਵਰਗੀ ਉੱਚੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸ਼ੋਅਰੂਮ ਦੇ ਬਾਹਰ ਬਣੇ ਲੋਹੇ ਦੇ ਸੁਰੱਖਿਆ ਕੈਬਿਨ ਨੂੰ ਗੋਲੀ ਲੱਗੀ ਹੈ।
ਗੋਲੀ ਲੋਹੇ ਦੇ ਕੈਬਿਨ ਨੂੰ ਚੀਰਦੀ ਹੋਈ ਦੂਜੇ ਪਾਸੇ ਤੋਂ ਆਰ-ਪਾਰ ਨਿਕਲ ਗਈ। ਚੰਗੀ ਕਿਸਮਤ ਦੇ ਚਲ ਕੋਈ ਵੀ ਵਿਅਕਤੀ ਗੋਲੀ ਦੀ ਲਪੇਟ ਵਿੱਚ ਨਹੀਂ ਆਇਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਗਾਰਡ ਗੁਰਪ੍ਰੀਤ ਸਿੰਘ ਦੇ ਬਿਆਨਾਂ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਕਾਲੇ ਰੰਗ ਦੀ ਇੱਕ ਕਾਰ ਵਿੱਚ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਹਨੇਰਾ ਹੋਣ ਕਾਰਨ ਉਹ ਨਾ ਤਾਂ ਕਾਰ ਦਾ ਨੰਬਰ ਦੇਖ ਸਕਿਆ ਅਤੇ ਨਾ ਹੀ ਹਮਲਾਵਰਾਂ ਦੀ ਪਛਾਣ ਕਰ ਸਕਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਥਾਣਾ ਪੀਏਯੂ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀ ਧਾਰਾ 125 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਏਐਸਆਈ ਕੰਵਲਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਅੱਗੇ ਵਧਾ ਰਹੀ ਹੈ।