ਅੱਧੀ ਰਾਤ ਨੂੰ ਵਪਾਰੀ ਦੇ ਘਰ ਹਮਲਾ, 4 ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਅੱਧੀ ਰਾਤ ਨੂੰ ਵਪਾਰੀ ਦੇ ਘਰ ਹਮਲਾ, 4 ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ
Publish Date: Tue, 14 Jul 2026 09:39 PM (IST)
Updated Date: Wed, 15 Jul 2026 04:13 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਬੀਤੀ ਅੱਧੀ ਰਾਤ ਨੂੰ ਖਨਾ ਦੇ ਇੱਕ ਵਪਾਰੀ ਦੇ ਘਰ 4 ਹਥਿਆਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਪਰਿਵਾਰ ਦੇ 3 ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰ ਕੇ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਸੋਮਵਾਰ ਦੀ ਦੇਰ ਰਾਤ ਰੂਪਨਗਰ, ਖੰਨਾ ਦੇ ਇਲਾਕੇ ’ਚ ਵਾਪਰੀ ਹੈ। ਵਪਾਰੀ ਪਰਿਵਾਰ ਤੇ ਹੋਏ ਜਾਨਲੇਵਾ ਹਮਲੇ ਤੇ ਡਕੈਤੀ ਨੇ ਸ਼ਹਿਰ ’ਚ ਹੜਕੰਪ ਮਚਾ ਦਿੱਤਾ। ਚਾਰ ਹਥਿਆਰਬੰਦ ਲੁਟੇਰੇ ਰਾਤ 1:30 ਵਜੇ ਦੇ ਕਰੀਬ ਘਰ ’ਚ ਦਾਖਲ ਹੋਏ ਤੇ ਸੁੱਤੇ ਹੋਏ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ’ਚ ਰਜਨੀਸ਼ ਮੋਦੀ ਉਰਫ਼ ਵਿੱਕੀ ਮੋਦੀ, ਜੋ ਕਿ ਪਸ਼ੂਆਂ ਦੇ ਚਾਰੇ ’ਚ ਵਰਤੇ ਜਾਣ ਵਾਲੇ ਕੱਚੇ ਮਾਲ ਦਾ ਵਪਾਰੀ ਸੀ, ਉਸ ਦੀ ਪਤਨੀ ਸਿਮਰਨ ਮੋਦੀ ਅਤੇ ਉਨ੍ਹਾਂ ਦਾ ਪੁੱਤਰ ਜ਼ਖਮੀ ਹੋ ਗਏ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਕੇ ਇੱਕ ਕਾਰ ’ਚ ਭੱਜ ਗਏ। ਘਟਨਾ ਤੋਂ ਬਾਅਦ ਜ਼ਖਮੀ ਜੋੜੇ ਨੂੰ ਪਹਿਲਾਂ ਖੰਨਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਿਮਰਨ ਮੋਦੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦਕਿ ਰਜਨੀਸ਼ ਮੋਦੀ ਡੀਐੱਮਸੀ ’ਚ ਇਲਾਜ ਅਧੀਨ ਹੈ। ਪੁੱਤਰ ਨੂੰ ਵੀ ਮੁੱਢਲੀ ਸਹਾਇਤਾ ਦਿੱਤੀ ਗਈ। ਬਾਕਸ-- ਪਹਿਲਾਂ ਪੁੱਤਰ ਤੇ ਹਮਲਾ, ਬਹਾਦਰੀ ਨਾਲ ਹਮਲਾਵਰਾਂ ਦਾ ਕੀਤਾ ਮੁਕਾਬਲਾ ਸਿਮਰਨ ਮੋਦੀ ਨੇ ਦੱਸਿਆ ਕਿ ਲਗਭਗ 1:30 ਵਜੇ 4 ਹਮਲਾਵਰ ਕਿਸੇ ਤਰ੍ਹਾਂ ਉਸ ਦੇ ਘਰ ’ਚ ਦਾਖਲ ਹੋਏ। ਦੋ ਪਹਿਲਾਂ ਉਸ ਕਮਰੇ ’ਚ ਦਾਖਲ ਹੋਏ ਜਿੱਥੇ ਉਸ ਦਾ ਪੁੱਤਰ ਸੁੱਤਾ ਪਿਆ ਸੀ। ਜਿਵੇਂ ਹੀ ਉਹ ਜਾਗਿਆ ਤੇ ਅਚਾਨਕ ਘਰ ਆਏ ਅਣਪਛਾਤੇ ਵਿਅਕਤੀ ਦੇਖ ਕੇ ਡੋਲਿਆ ਨਹੀਂ, ਪੁੱਤਰ ਨੇ ਹਿੰਮਤ ਦਿਖਾਈ, ਇੱਕ ਦੀ ਗਰਦਨ ਤੋਂ ਫੜ ਕੇ ਦੂਜੇ ਨੂੰ ਪਿੱਛੇ ਧੱਕ ਦਿੱਤਾ। ਇਸ ਦੌਰਾਨ ਬਾਕੀ ਦੋ ਹਮਲਾਵਰ ਵੀ ਕਮਰੇ ’ਚ ਦਾਖਲ ਹੋਏ। ਪੁੱਤਰ ਨੇ ਜ਼ੋਰਦਾਰ ਜਵਾਬੀ ਹਮਲਾ ਕੀਤਾ ਤੇ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਰਜਨੀਸ਼ ਮੋਦੀ ਅਤੇ ਸਿਮਰਨ ਮੋਦੀ, ਜੋ ਦੂਜੇ ਕਮਰੇ ’ਚ ਸੁੱਤੇ ਹੋਏ ਸਨ, ਜਾਗ ਪਏ ਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਬਾਹਰ ਆਏ। ਉਨ੍ਹਾਂ ਤਿੰਨਾਂ ਨੇ ਜਵਾਬੀ ਹਮਲਾ ਕੀਤਾ ਪਰ ਹਮਲਾਵਰਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਤਿੰਨੋਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਦੋਸ਼ੀ ਘਰ ’ਚ ਰੱਖੇ ਲੱਖਾਂ ਰੁਪਏ ਦੀ ਨਕਦੀ ਤੇ ਕੁਝ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇੱਕ ਯੋਜਨਾਬੱਧ ਹਮਲਾ ਕੀਤਾ ਸੀ ਤੇ ਘਰ ਤੋਂ ਜਾਣੂ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਸਬੰਧੀ ਹਰ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ।