- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਸਾਂਭ ਸੰਭਾਲ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ

-ਡੀਸੀ ਨੇ ਵਫ਼ਦ ਨੂੰ ਮੰਗਾਂ ਮੰਨਣ ਦਾ ਦਿਵਾਇਆ ਭਰੋਸਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਸਥਿਤ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੇ ਬੁੱਤ ਸਾਂਭ ਸੰਭਾਲ ਸਬੰਧੀ ਸੁਝਾਅ ਦਿੰਦੇ ਹੋਏ ਡਾ. ਅੰਬੇਡਕਰ ਏਕਤਾ ਮਿਸ਼ਨ ਪੰਜਾਬ ਦੇ ਵਫ਼ਦ ਵੱਲੋਂ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਸੌਂਪਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਦੀ ਕੋਝੀ ਹਰਕਤ ਕੀਤੀ ਗਈ ਸੀ, ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਤੇ ਸੰਸਥਾ ਦੇ ਪ੍ਰਧਾਨ ਦੀਪਕ ਹੰਸ ਦੀ ਅਗਵਾਈ ਹੇਠ ਇਕ ਵਫਦ ਵਲੋਂ ਡੀਸੀ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਸੁਝਾਅ ਦਿੱਤੇ ਗਏ ਹਨ ਕਿ ਬੁੱਤ ਦੇ ਆਲੇ-ਦੁਆਲੇ ਐੱਚਡੀ ਸੀਸੀਟੀਵੀ ਕੈਮਰੇ ਲਗਾਏ ਜਾਣ, ਸੋਲਰ ਲਾਈਟਾਂ ਲਗਵਾਈਆਂ ਜਾਣ, ਗਰਿੱਲਾਂ ਦੀ ਉੱਚਾਈ ਹੋਰ ਵਧਾਈ ਜਾਵੇ, ਬੁੱਤ ਵਾਲੀ ਪਾਰਕ ਵਿੱਚੋਂ ਯੂਨੀਪੋਲ ਬਾਹਰ ਕਢਵਾਇਆ ਜਾਵੇ, ਨਗਰ ਨਿਗਮ ਵੱਲੋਂ ਨੋਟਿਸ ਲਾਇਆ ਜਾਵੇ ਕਿ ਇਸ ਚੌਂਕ ਦੀਆਂ ਗਰਿੱਲਾਂ ਉੱਪਰ ਬੋਰਡ, ਬੈਨਰ, ਪੋਸਟਰ, ਝੰਡੇ ਆਦਿ ਲਗਾਉਣਾ ਮਨ੍ਹਾ ਹੈ, ਪਾਰਕ ਦੇ ਸੁੰਦਰਤਾ ਯਕੀਨੀ ਬਣਾਉਣ ਲਈ ਪੱਕੇ ਤੌਰ ਤੇ ਮਾਲੀ ਦੀ ਡਿਊਟੀ ਲਗਾਈ ਜਾਵੇ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਆਲੇ-ਦੁਆਲੇ ਬੁਲਟ ਪਰੂਫ ਸ਼ੀਸ਼ਾ ਲਗਾਇਆ ਜਾਵੇ।
ਵਫਦ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਅਤੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਵਾਸਤੇ ਇਹ ਸੁਝਾਅ ਦਿੱਤੇ ਗਏ ਹਨ। ਜਿਨ੍ਹਾਂ ਸੁਝਾਆਂ ਨੂੰ ਧਿਆਨ ਪੂਰਵਕ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਉੱਪਰ ਕੰਮ ਕੀਤਾ ਜਾਵੇਗਾ ਅਤੇ ਜਲਦੀ ਹੀ ਸਾਰੇ ਵਿਸ਼ੇ ਹੱਲ ਕੀਤੇ ਜਾਣਗੇ। ਇਸ ਮੌਕੇ ਵਫਦ ਦੇ ਮੈਂਬਰਾਂ ਵਿੱਚ ਇੰਦਰਜੀਤ ਕਪੂਰ, ਨੇਤਾ ਜੀ ਸੋਂਧੀ, ਸ਼ੀਤਲ ਆਦੀਵੰਸ਼ੀ, ਅਨਿਲ ਘਈ, ਈਸ਼ਵਰ ਕਲਿਆਣ, ਸੰਨੀ ਕਾਲੂ, ਅਮਰ ਵੀ ਸ਼ਾਮਲ ਰਹੇ।