- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਰਾਜਸਥਾਨ ਦੇ ਜੋਧਪੁਰ ਤੋਂ ਮੁੱਖ ਮੁਲਜ਼ਮ ਮਾਨਵੇਂਦਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਪੀੜਤ ਨੂੰ ਕਰੀਬ 18 ਲੱਖ ਰੁਪਏ ਵਾਪਸ ਕਰਵਾ ਦਿੱਤੇ ਹਨ, ਜਦਕਿ ਬਾਕੀ ਰਕਮ ਅਤੇ ਗਿਰੋਹ ਦੇ ਹੋਰ ਮੈਂਬਰਾਂ ਤੱਕ ਪਹੁੰਚਣ ਲਈ ਜਾਂਚ ਤੇ ਛਾਪੇਮਾਰੀ ਜਾਰੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਖ਼ਿਲਾਫ਼ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਕਾਰਵਾਈ ਕੀਤੀ ਹੈ। ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਰਾਜਸਥਾਨ ਦੇ ਜੋਧਪੁਰ ਤੋਂ ਮੁੱਖ ਮੁਲਜ਼ਮ ਮਾਨਵੇਂਦਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਪੀੜਤ ਨੂੰ ਕਰੀਬ 18 ਲੱਖ ਰੁਪਏ ਵਾਪਸ ਕਰਵਾ ਦਿੱਤੇ ਹਨ, ਜਦਕਿ ਬਾਕੀ ਰਕਮ ਅਤੇ ਗਿਰੋਹ ਦੇ ਹੋਰ ਮੈਂਬਰਾਂ ਤੱਕ ਪਹੁੰਚਣ ਲਈ ਜਾਂਚ ਤੇ ਛਾਪੇਮਾਰੀ ਜਾਰੀ ਹੈ।
ਸਾਈਬਰ ਕ੍ਰਾਈਮ ਦੇ ਇੰਚਾਰਜ ਸਤਬੀਰ ਸਿੰਘ ਤੇ ਸਬ ਇੰਸਪੈਕਟਰ ਹਰਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਵਿੱਚ ਦਰਜ ਮੁਕੱਦਮਾ ਨੰਬਰ 26 ਸਾਲ 2026 ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮਾਨਵੇਂਦਰਾ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਫਰਜ਼ੀ ਫਰਮ ਤਿਆਰ ਕੀਤੀ ਸੀ। ਮੁਲਜਮਾਂ ਨੇ ਲੁਧਿਆਣਾ ਦੀ ਇੱਕ ਵੱਡੀ ਕੰਪਨੀ ਨਾਲ ਧੋਖਾਧੜੀ ਕਰਨ ਦੀ ਸਾਜ਼ਿਸ਼ ਘੜੀ। ਇਸ ਤੋਂ ਬਾਅਦ ਦੋਸ਼ੀਆਂ ਨੇ ਪੀੜਤ ਕੰਪਨੀ ਦੇ ਮੈਨੇਜਰ ਨਾਲ ਸੰਪਰਕ ਕਰਕੇ ਫਰਮ ਦੇ ਮਾਲਕ ਦੀ ਫੋਟੋ ਅਤੇ ਹੋਰ ਜਾਣਕਾਰੀ ਦੀ ਵਰਤੋਂ ਕਰਦਿਆਂ ਉਸ ਨੂੰ ਭਰੋਸੇ ਵਿੱਚ ਲਿਆ। ਮੁਲਜ਼ਮਾਂ ਨੇ ਵਟਸਐਪ ਉੱਪਰ ਕੰਪਨੀ ਦੇ ਮਾਲਕ ਦੀ ਤਸਵੀਰ ਲਗਾ ਦਿੱਤੀ ਅਤੇ ਵੈਟਸ ਐਪ ਕਾਲ ਕਰਕੇ ਖੁਦ ਨੂੰ ਕੰਪਨੀ ਦਾ ਮਾਲਕ ਦੱਸਿਆ। ਸ਼ਾਤਰ ਮੁਲਜ਼ਮਾਂ ਨੇ ਇੱਕ ਵਪਾਰਕ ਸੌਦੇ ਦਾ ਝਾਂਸਾ ਦੇ ਕੇ ਕਰੀਬ 2 ਕਰੋੜ 50 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਕੁਝ ਸਮੇਂ ਬਾਅਦ ਮੈਨੇਜਰ ਨੂੰ ਪਤਾ ਲੱਗਾ ਕਿ ਅਜਿਹਾ ਕਰਨ ਲਈ ਮਾਲਕ ਨੇ ਨਹੀਂ ਸੀ ਆਖਿਆ ਮੁਲਜ਼ਮਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਉਸ ਨਾਲ ਠੱਗੀ ਮਾਰੀ ਹੈ।
ਜਾਂਚ ਦੌਰਾਨ ਸਾਈਬਰ ਕ੍ਰਾਈਮ ਟੀਮ ਨੇ ਤਕਨੀਕੀ ਸਬੂਤਾਂ ਅਤੇ ਡਿਜੀਟਲ ਟ੍ਰੇਲ ਦੇ ਆਧਾਰ 'ਤੇ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਮਾਨਵੇਂਦਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਗਿਰੋਹ ਦੇ ਨੈੱਟਵਰਕ ਅਤੇ ਲੈਣ-ਦੇਣ ਸਬੰਧੀ ਅਹਿਮ ਜਾਣਕਾਰੀਆਂ ਹਾਸਲ ਹੋਈਆਂ।
ਸਤਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਡਿਜੀਟਲ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਸਮੇਂ ਸਿਰ ਸ਼ਿਕਾਇਤ ਮਿਲਣ ਨਾਲ ਰਕਮ ਰਿਕਵਰ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਦੇ ਚਲਦਿਆਂ ਇਸ ਕੇਸ ਵਿੱਚ ਹੁਣ ਤੱਕ ਕਰੀਬ 18 ਲੱਖ ਰੁਪਏ ਪੀੜਤ ਨੂੰ ਵਾਪਸ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਲੋਕਾਂ, ਖਾਸ ਕਰਕੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਕਾਲ, ਈ-ਮੇਲ, ਵਟਸਐਪ ਮੈਸੇਜ ਜਾਂ ਆਨਲਾਈਨ ਭੁਗਤਾਨ ਦੀ ਹਦਾਇਤ 'ਤੇ ਬਿਨਾਂ ਪੁਸ਼ਟੀ ਕੀਤੇ ਕੋਈ ਵੀ ਲੈਣ-ਦੇਣ ਨਾ ਕਰਨ। ਕਿਸੇ ਵੀ ਤਰ੍ਹਾਂ ਦੀ ਸਾਈਬਰ ਠੱਗੀ ਦਾ ਸ਼ੱਕ ਹੋਣ 'ਤੇ ਤੁਰੰਤ ਸਾਈਬਰ ਹੈਲਪਲਾਈਨ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕੀਤਾ ਜਾਵੇ।