
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਿਤਾ ਨੇ ਚੀਨੀ-ਸਬਜ਼ੀਆਂ ਵੰਡ ਕੇ ਕੇਂਦਰ 'ਤੇ ਕੱਸਿਆ ਤੰਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਤਿਉਹਾਰਾਂ ਦੇ ਸੀਜ਼ਨ 'ਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਕੇਂਦਰ ਸਰਕਾਰ ਖ਼ਿਲਾਫ਼ ਅਨੋਖੇ ਅੰਦਾਜ਼ 'ਚ ਰੋਸ ਪ੍ਰਗਟਾਇਆ। ਰੱਖੜੀ ਦੇ ਤਿਉਹਾਰ ਮੌਕੇ ਛਾਉਣੀ ਮੁਹੱਲਾ 'ਚ ਮਹਿਤਾ ਨੇ ਮਾਤਾ-ਭੈਣਾਂ ਨੂੰ ਮਹਿੰਗੀ ਚੀਨੀ ਤੇ ਸਬਜ਼ੀਆਂ ਦੇ ਤੋਹਫ਼ੇ ਵੰਡ ਕੇ ਸਰਕਾਰ ਨੂੰ ਨੀਂਦ ਤੋਂ ਜਾਗਣ ਦੀ ਅਪੀਲ ਕੀਤੀ। ਮਹਿਤਾ ਨੇ ਕਿਹਾ ਕਿ ਤਿਉਹਾਰਾਂ 'ਤੇ ਜਿੱਥੇ ਲੋਕ ਖੁਸ਼ੀਆਂ ਮਨਾਉਣਾ ਚਾਹੁੰਦੇ ਹਨ, ਉੱਥੇ ਮਹਿੰਗਾਈ ਨੇ ਆਮ ਪਰਿਵਾਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਚੀਨੀ, ਗੁੜ, ਸਰ੍ਹੋਂ ਦਾ ਤੇਲ, ਸਰਫ਼ ਆਦਿ ਦੇ ਨਾਲ-ਨਾਲ ਸਬਜ਼ੀਆਂ 'ਚ ਪਿਆਜ਼, ਖੀਰਾ, ਟਮਾਟਰ ਦੇ ਭਾਅ ਅਸਮਾਨ ਨੂੰ ਹੱਥ ਲਾ ਰਹੇ ਹਨ। ਗਰੀਬ ਤੇ ਮੱਧਵਰਗ ਲਈ ਰਸੋਈ ਚਲਾਉਣੀ ਔਖੀ ਹੋ ਗਈ ਹੈ। ਮਹਿਤਾ ਨੇ ਵਿਅੰਗ ਕੱਸਦਿਆਂ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਤਿਉਹਾਰਾਂ ਦੀ ਖੁਸ਼ੀ ਵੀ ਫਿੱਕੀ ਪੈ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ 'ਤੇ ਕਾਬੂ ਪਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਤਾਂ ਜੋ ਆਮ ਆਦਮੀ ਨੂੰ ਰਾਹਤ ਮਿਲ ਸਕੇ। ਪ੍ਰਦਰਸ਼ਨ ਦੌਰਾਨ ਉਨ੍ਹਾਂ “ਹੁਣ ਤਾਂ ਜਾਗੋ ਮੋਦੀ ਸਰਕਾਰ” ਦੇ ਨਾਅਰੇ ਵੀ ਲਾਏ। ਇਸ ਮੌਕੇ ਰਵਿੰਦਰ ਸਿਆਨ, ਸਰਬਜੀਤ ਸਿੰਘ ਬੰਟੀ, ਤੀਕਸ਼ਣ ਮਹਿਤਾ, ਟਿੰਕੂ ਪੁਜਾਰਾ, ਅਸ਼ੋਕ, ਪਵਨ ਸ਼ਰਮਾ, ਅਸ਼ੋਕ ਸਚਦੇਵਾ ਤੇ ਬੀਬੀ ਸਤਨਾਮ ਕੌਰ ਸਮੇਤ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ।