- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨਗਰ 'ਚ ਪੁੱਟੀਆਂ ਸੜਕਾਂ ਦੀ ਮੁੜ-ਉਸਾਰੀ ’ਚ ਦੇਰੀ ’ਤੇ ਮੇਅਰ ਸਖ਼ਤ, ਰਾਤ ਨੂੰ ਮੌਕੇ ’ਤੇ ਪਹੁੰਚੀ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਹਿਰੀ ਜਲ ਸਪਲਾਈ ਪ੍ਰੋਜੈਕਟ ਲਈ ਸ਼ਹਿਰ ਦੀਆਂ ਕਈ ਸੜਕਾਂ ਪੁੱਟੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਮੁੜ-ਉਸਾਰੀ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਕੰਮ ਦੀ ਰਫ਼ਤਾਰ ਤੇ ਗੁਣਵੱਤਾ ਦਾ ਜ਼ਮੀਨੀ ਜਾਇਜ਼ਾ ਲੈਣ ਲਈ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇਰ ਰਾਤ ਖੁਦ ਮੌਕੇ ’ਤੇ ਪਹੁੰਚੀ। ਉਨ੍ਹਾਂ ਰਿਸ਼ੀ ਨਗਰ ’ਚ ਇਨਕਮ ਟੈਕਸ ਦਫ਼ਤਰ ਵਾਲੀ ਸੜਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਚੱਲ ਰਹੀ ਮੁੜ-ਉਸਾਰੀ ਦਾ ਨਿਰੀਖਣ ਕੀਤਾ।
ਮੇਅਰ ਨੇ ਅਧਿਕਾਰੀਆਂ ਤੋਂ ਚੱਲ ਰਹੇ ਕੰਮਾਂ ਦੀ ਤਰੱਕੀ ਬਾਰੇ ਜਾਣਕਾਰੀ ਲਈ ਤੇ ਸਪੱਸ਼ਟ ਕੀਤਾ ਕਿ ਸੜਕਾਂ ਦੀ ਮੁੜ-ਉਸਾਰੀ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਰਫ਼ਤਾਰ ਵਧਾਈ ਜਾਵੇ ਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਸੜਕਾਂ ਦਾ ਨਿਰਮਾਣ ਕੀਤਾ ਜਾਵੇ।
ਨਹਿਰੀ ਜਲ ਸਪਲਾਈ ਲਾਈਨਾਂ ਵਿਛਾਉਣ ਲਈ ਪੁੱਟੀਆਂ ਗਈਆਂ ਸੜਕਾਂ ਦੀ ਮੁੜ-ਉਸਾਰੀ ਦਾ ਕੰਮ ਰਿਸ਼ੀ ਨਗਰ, ਮਾਡਲ ਟਾਊਨ ਐਕਸਟੈਂਸ਼ਨ ਦੀ ਸ਼ਮਸ਼ਾਨਘਾਟ ਵਾਲੀ ਸੜਕ, ਸਰਾਭਾ ਨਗਰ, ਦੁੱਗਰੀ ਤੇ ਕਿਚਲੂ ਨਗਰ ਸਮੇਤ ਕਈ ਇਲਾਕਿਆਂ ਵਿੱਚ ਚੱਲ ਰਿਹਾ ਹੈ। ਸੜਕਾਂ ਪੁੱਟੇ ਜਾਣ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਆਵਾਜਾਈ ਦੌਰਾਨ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਇਸ ਦੇ ਮੱਦੇਨਜ਼ਰ ਮੇਅਰ ਵੱਲੋਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਸਨ।
ਮੇਅਰ ਇੰਦਰਜੀਤ ਕੌਰ ਨੇ ਹੁਣੇ ਜਿਹੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੜਕਾਂ ਦੀ ਮੁੜ-ਉਸਾਰੀ ਦੇ ਕੰਮਾਂ ਦੀ ਸਮੀਖਿਆ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਲੰਬੇ ਸਮੇਂ ਤੱਕ ਪੁੱਟੀਆਂ ਸੜਕਾਂ ਕਾਰਨ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ। ਇਸੇ ਕੜੀ ਵਿੱਚ ਉਨ੍ਹਾਂ ਰਾਤ ਸਮੇਂ ਮੌਕੇ ’ਤੇ ਪਹੁੰਚ ਕੇ ਕੰਮ ਦੀ ਅਸਲ ਸਥਿਤੀ ਦਾ ਜਾਇਜ਼ਾ ਲਿਆ।
ਮੇਅਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸੜਕਾਂ ਦੀ ਮੁੜ-ਉਸਾਰੀ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ। ਜਿੱਥੇ ਵੀ ਸੜਕਾਂ ਪੁੱਟੀਆਂ ਗਈਆਂ ਹਨ, ਉੱਥੇ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸ਼ਹਿਰ ਵਿੱਚ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਸਰਕਾਰ ਤੇ ਨਿਗਮ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਦਾ ਮਕਸਦ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਲੁਧਿਆਣਾ ਦੇ ਟਿਕਾਊ ਵਿਕਾਸ ਲਈ ਨਗਰ ਨਿਗਮ ਵਚਨਬੱਧ ਹੈ ਤੇ ਵਿਕਾਸ ਕਾਰਜਾਂ ਦੌਰਾਨ ਗੁਣਵੱਤਾ ਦੇ ਨਾਲ-ਨਾਲ ਸਮੇਂ ਸਿਰ ਕੰਮ ਮੁਕੰਮਲ ਕਰਨ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।