
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

1 ਨੰਬਰ ਦੀ ਲੀਡ-ਮਹਾਂਬੰਦ ਦੌਰਾਨ ਮੁਲਾਜ਼ਮ ਤੇ ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ਼ ਵਿਸ਼ਾਲ ਰੋਸ ਧਰਨਾ

-ਵੱਡੀ ਗਿਣਤੀ ’ਚ ਔਰਤਾਂ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੇ ਲਿਆ ਵਧ ਚ਼ੜ੍ਹ ਕੇ ਹਿੱਸਾ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ 'ਤੇ ਵੀਰਵਾਰ ਨੂੰ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਾਂਗ ਲੁਧਿਆਣਾ ਸਥਿਤ ਡੀਸੀ ਦਫਤਰ ਅੱਗੇ ਸਮੂਹ ਮੁਲਾਜ਼ਮ ਤੇ ਪੈਨਸ਼ਨਰਜ਼ ਵੱਲੋਂ ਸਰਕਾਰ ਵਿਰੋਧੀ ਮਹਾਂਬੰਦ ਨੂੰ ਸਫਲ ਬਣਾਉਣ ਲਈ ਰੋਸ ਧਰਨਾ ਦਿੱਤਾ ਗਿਆ। ਵਿਸ਼ਾਲ ਧਰਨੇ 'ਚ ਵਹੀਰਾਂ ਘੱਤ ਕੇ ਪੁੱਜੇ ਮੁਲਾਜਮਾਂ ਤੇ ਪੈਨਸ਼ਨਰਜ਼ ਦੇ ਜੋਸ਼ ਨੇ ਵੀਰਵਾਰ ਨੂੰ ਪੰਜਾਬ ਬੰਦ ਦੀ ਸਫਲਤਾ' ਤੇ ਮੋਹਰ ਲਾਈ। ਸਾਰੇ ਵਿਭਾਗਾਂ ਦੇ ਆਗੂਆਂ ਨੇ ਸਰਕਾਰ ਨੂੰ ਸਖ਼ਤ ਲਹਿਜ਼ੇ ’ਚ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ‘ਆਪ’ ਨੂੰ ਸਬਕ ਸਿਖਾਉਣ ਲਈ ਉਹ ਹਰ ਸੰਭਵ ਯਤਨ ਜੁਟਾਉਣਗੇ।
ਮੁਲਾਜ਼ਮ ਆਗੂਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ 'ਚ ਭਗਵੰਤ ਮਾਨ ਸਰਕਾਰ ਦਾ ਤਖਤਾ ਪਲਟਣ ਦਾ ਸੱਦਾ ਦਿੱਤਾ ਜਿਸਨੂੰ ਸਾਰੇ ਹਾਜਰ ਮੁਲਾਜਮਾਂ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨ ਚੜ੍ਹਾਉਣ ਦਾ ਸਕੰਲਪ ਕੀਤਾ। ਆਗੂਆਂ ਨੇ ਮੁਲਾਜ਼ਮ ਮੰਗਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 17-07-2020 ਦਾ ਪੱਤਰ ਰੱਦ ਕਰਕੇ ਪੰਜਾਬ ਦਾ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ, 35400 ਸਕੇਲ ਲਾਗੂ ਕਰਵਾਉਣ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਤੇ ਏਰੀਅਰ ਜਾਰੀ ਕਰਨਾ, ਏ.ਸੀ.ਪੀ. ਸਕੀਮ ਅਧੀਨ 4-9-14 ਸਾਲਾ ਸੇਵਾ ਲਾਭ ਦੇਣਾ, ਪ੍ਰੋਬੇਸ਼ਨ ਸਮਾਂ ਇੱਕ ਸਾਲ ਕਰਕੇ ਪੂਰੀ ਤਨਖ਼ਾਹ ਅਤੇ ਭੱਤੇ ਦੇਣਾ, ਆਊਟਸੋਰਸ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਤਰਸ ਦੇ ਆਧਾਰ ’ਤੇ ਭਰਤੀ ਮੁਲਾਜ਼ਮਾਂ ਤੋਂ ਟਾਈਪ ਟੈਸਟ ਦੀ ਸ਼ਰਤ ਖ਼ਤਮ ਕਰਨਾ ਤੇ ਬਣਦੇ ਸਕੇਲ ਦੇਣ ਸਮੇਤ ਹੋਰ ਲੰਬਿਤ ਮੰਗਾਂ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਨਾ ਕਰਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਮੁਲਾਜਮਾਂ ਨੂੰ ਕੁਝ ਨਹੀਂ ਸਮਝਦੇ। ਇਸ ਮੌਕੇ ਆਗੂਆਂ ਨੇ ਕਿਹਾ ਸਾਂਝੀ ਤਾਲਮੇਲ ਕਮੇਟੀ ਵਲੋਂ ਜੋ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ, ਉਸ ਨੂੰ ਸਫਲ ਬਣਾਉਣ ਲਈ ਉਹ ਨਾਲ ਖੜ੍ਹੇ ਹਨ। ਆਗੂਆਂ ਨੇ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਵਿੱਚ ਕੁੱਦੇ ਸਾਰੇ ਮੁਲਾਜਮਾਂ ਦਾ ਧੰਨਵਾਦ ਵੀ ਕੀਤਾ।
-ਬਾਕਸ-
-ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ ’ਚ ਸੁੰਨਸਾਨ ਛਾਈ ਰਹੀ
ਅੱਜ ਮਹਾਂਬੰਦ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਵਿਚ ਸੁੰਨਸਾਨ ਛਾਈ ਰਹੀ। ਇਥੋਂ ਤੱਕ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਦਫਤਰਾਂ ਵਿਚ ਵੀ ਹਨੇਰਾ ਛਾਇਆ ਰਿਹਾ, ਸਰਕਾਰੀ ਵਿੱਦਿਅਕ ਅਦਾਰਿਆਂ ਸਮੇਤ ਸਰਕਾਰ ਦੇ ਲਗਭਗ ਸਮੂਹ ਦਫਤਰਾਂ ਦੇ ਜਿੰਦਰੇ ਲੱਗੇ ਰਹੇ।
-ਬਾਕਸ-
-ਰੋਸ ਧਰਨੇ ’ਚ ਬਜ਼ੁਰਗ ਵੀ ਹੋਏ ਸ਼ਾਮਲ
ਰੋਸ ਧਰਨੇ ਵਿਚ ਬਜ਼ੁਰਗ ਪੈਨਸ਼ਨਰਜ ਦੀ ਸ਼ਮੂਲੀਅਤ ਰਹੀ। ਕਈ ਪੈਨਸ਼ਨਰਜ ਵਿੱਚ 80 ਸਾਲ ਤੋਂ ਵੱਧ ਉਮਰ ਉਮਰ ਦੇ ਮਰਦ ਅਤੇ ਔਰਤਾਂ ਵੀ ਢੰਗੋਰੀ ਲੈ ਕੇ ਧਰਨੇ ਵਿਚ ਪਹੁੰਚੇ।
-ਕਿਸਾਨਾਂ ਤੇ ਮਜ਼ਦੂਰਾਂ ਨੇ ਲਵਾਈ ਹਾਜ਼ਰੀ
ਰੋਸ ਧਰਨੇ ਦੌਰਾਨ ਦਸਮੇਸ਼ ਕਿਸਾਨ ਅਤੇ ਮਜ਼ਦੂਰ ਯੂਨੀਅਨ ਵੱਲੋਂ ਹਾਜਰੀ ਭਰੀ ਗਈ। ਇਸ ਮੌਕੇ ਯੂਨੀਅਨ ਦੇ ਆਗੂ ਗੁਰਦਿਆਲ ਸਿੰਘ ਤਲਵੰਡੀ ਅਤੇ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੰਜਾਬ ਵਿੱਚ ਕਿਸੇ ਨਾਲ਼ ਬੇਇਨਸਾਫੀ ਦੇ ਵਿਰੁੱਧ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।
-ਬਾਕਸ-
ਸਿਆਸੀ ਆਗੂਆਂ ਨੇ ਭਰੀ ਹਾਜ਼ਰੀ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਧਰਨੇ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸੰਜੇ ਤਲਵਾਰ ਅਤੇ ਸਿਮਰਜੀਤ ਸਿੰਘ ਬੈਂਸ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਜਥੇਬੰਦੀਆਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ, ਤਾਂ ਜੋ ਧਰਨੇ ਨੂੰ ਸਿਆਸੀ ਸਟੇਜ ਬਣਾਉਣ ਤੋਂ ਬਚਾਇਆ ਜਾ ਸਕੇ ।
-ਬਾਕਸ-
ਅੱਜ ਤੇ ਕੱਲ੍ਹ ਥਾਂ-ਥਾਂ ਫੂਕੇ ਜਾਣਗੇ ਮੁੱਖ ਮੰਤਰੀ ਦੇ ਪੁਤਲੇ ਤੇ ਫੂਕੀਆਂ ਜਾਣਗੀਆਂ ਧਮਕੀ ਭਰੇ ਪੱਤਰਾਂ ਦੀਆਂ ਕਾਪੀਆਂ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾਂ ਮੁਲਾਜ਼ਮ ਮੰਚ ਤੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਨੂੰ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਪੀਏਪੀ ਜਲੰਧਰ ਵਿਖੇ ਮੀਟਿੰਗ ਦਾ ਲਿਖਤੀ ਸੱਦਾ ਪੱਤਰ ਦਿੱਤਾ ਹੋਇਆ ਸੀ, ਇਹ ਮੀਟਿੰਗ ਪਹਿਲਾਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਣੀ ਸੀ। ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਅੱਜ ਫਿਰ ਮੀਟਿੰਗ ਕਰਨ ਤੋਂ ਭੱਜ ਗਏ ਹਨ। ਪੀਏਪੀ ਜਲੰਧਰ ਦੇ ਗੋਲਫ ਕਲੱਬ ਤੋਂ ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ ਮਹਾਂਰੈਲੀ ਦੌਰਾਨ ਸਾਂਝੀ ਤਾਲਮੇਲ ਕਮੇਟੀ ਨੂੰ 27 ਅਗਸਤ ਦਾ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਜਿਸ ਦਾ ਪਿਛਲੇ ਕੱਲ੍ਹ ਸ਼ਾਮ ਸਥਾਨ ਬਦਲ ਕੇ ਪੀਏਪੀ ਜਲੰਧਰ ਕਰ ਦਿੱਤਾ।
ਪੁਲਿਸ ਪ੍ਰਸ਼ਾਸਨ ਵੱਲੋਂ ਮੀਟਿੰਗ ਲਈ ਸਾਥੀਆਂ ਨੂੰ ਅੰਦਰ ਗੋਲਫ ਕਲੱਬ ਵਿਖੇ ਲਿਜਾਇਆ, ਜਿੱਥੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਦਬਾਅ ਪਾਇਆ ਗਿਆ ਕਿ ਮੀਟਿੰਗ ਕਰਨ ਲਈ ਮੁੱਖ ਮੰਤਰੀ ਵੱਲੋਂ ਇਹ ਸ਼ਰਤ ਲਾਈ ਗਈ ਹੈ ਕਿ ਮੁਲਾਜ਼ਮ ਪਹਿਲਾਂ ਇਹ ਲਿਖ ਕੇ ਦੇਣ ਕਿ ਅੱਜ ਹੜਤਾਲ ਖਤਮ ਕਰਕੇ ਡਿਊਟੀ ਜੁਆਇਨ ਕਰਾਂਗੇ ਫਿਰ ਮੀਟਿੰਗ ਕੀਤੀ ਜਾਵੇਗੀ। ਮੁੱਖ ਮੰਤਰੀ ਦੀ ਇਸ ਸ਼ਰਤ ਨੂੰ ਮੁਲਾਜ਼ਮ ਆਗੂਆਂ ਵੱਲੋਂ ਨਕਾਰ ਦਿੱਤਾ ਤੇ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਫਿਰ ਭੱਜ ਗਏ।
ਆਗੂਆਂ ਵੱਲੋਂ ਮੁੱਖ ਮੰਤਰੀ ਦੇ ਇਸ ਤਾਨਾਸ਼ਾਹ ਵਤੀਰੇ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਕੱਲ੍ਹ 28 ਤੇ ਪਰਸੋਂ 29 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਸਮੂਹ ਜ਼ਿਲ੍ਹਾ, ਤਹਿਸੀਲ, ਬਲਾਕ ਕੇਂਦਰਾਂ 'ਤੇ ਵੱਖ-ਵੱਖ ਵਿਭਾਗਾਂ ਤੇ ਸਰਕਾਰੀ ਸੰਸਥਾਵਾਂ ਅੱਗੇ ਭਾਵ ਥਾਂ-ਥਾਂ ’ਤੇ ਪੁਤਲੇ ਫੂਕੇ ਜਾਣਗੇ ਤੇ ਮੁਲਾਜ਼ਮ ਵਿਰੋਧੀ ਟਵੀਟ ਤੇ 27 ਅਗਸਤ ਦੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਸਮੂਹ ਆਗੂਆਂ ਅਨੁਸਾਰ ਪੰਜਾਬ ਦੀ ਮੁਲਾਜ਼ਮ ਲੀਡਰਸ਼ਿਪ ਨੂੰ ਲਿਖਤੀ ਸੱਦਾ ਦੇ ਕੇ ਮੀਟਿੰਗ ਨਾ ਕਰਨਾ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਵੱਡਾ ਫ਼ਰੇਬ ਹੈ। ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਨੇ ਜੋ ਹੜਤਾਲੀ ਮੁਲਾਜ਼ਮਾਂ ਸਬੰਧੀ ਪੱਤਰ ਜਾਰੀ ਕੀਤਾ ਹੈ, ਉਸ ਨੂੰ ਮੁੱਢੋਂ ਰੱਦ ਕਰਦਿਆਂ ਚੈਲਿੰਜ ਕਬੂਲ ਕਰਦਿਆਂ 30 ਅਗਸਤ ਨੂੰ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਲੁਧਿਆਣਾ ’ਚ ਸੱਦ ਲਈ ਹੈ, ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।