- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਵਰਕਰਾਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ, ਮੰਤਰੀ ਸੋਂਦ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮ ਹਿਰਾਸਤ 'ਚ

- ਇਲਾਕੇ ’ਚ ਐੱਸਡੀਐੱਮ ਦੇ ਹੁਕਮਾਂ ’ਤੇ ਧਾਰਾ 163 ਲਗਾਈ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਮਨਰੇਗਾ ਵਰਕਰਾਂ ਵੱਲੋਂ ਸੋਮਵਾਰ ਨੂੰ ਖੰਨਾ ’ਚ ਪੰਜਾਬ ਦੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇ ਘਰ ਬਾਹਰ ਰੋਸ ਪ੍ਰਦਰਸ਼ਨ ਨੂੰ ਲੈ ਕੇ ਸ਼ਹਿਰ ’ਚ ਸਥਿਤੀ ਤਣਾਅਪੂਰਨ ਬਣੀ ਰਹੀ। ਮਨਰੇਗਾ ਵਰਕਰਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਐੱਸਡੀਐੱਮ ਖੰਨਾਂ ਦੇ ਹੁਕਮਾਂ ’ਤੇ ਇਲਾਕੇ ’ਚ ਧਾਰਾ 163 ਲਾਗੂ ਕੀਤੀ ਗਈ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਦੀ ਖੰਨਾ ਦੇ ਅਮਲੋਹ ਰੋਡ ਸਥਿਤ ਕੋਠੀ ਦੇ ਬਾਹਰ ਹੋਏ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾੜਾਂ ਤੋਂ ਪੰਜ ਦਿਨ ਬਾਅਦ ਸੋਮਵਾਰ ਨੂੰ ਸੈਂਕੜੇ ਮਨਰੇਗਾ ਮੁਲਾਜ਼ਮ ਮੁੜ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਖੰਨਾ ਪਹੁੰਚ ਗਏ। ਹਾਲਾਂਕਿ ਪੁਲਿਸ ਨੇ ਪਹਿਲਾਂ ਹੀ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਕੇ ਰੱਖੀ ਸੀ ਪਰ ਮੁਲਾਜ਼ਮ ਵੱਖ-ਵੱਖ ਰਸਤਿਆਂ ਰਾਹੀਂ ਸ਼ਹਿਰ ’ਚ ਦਾਖਲ ਹੋ ਕੇ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ। ਅਮਲੋਹ ਰੋਡ ’ਤੇ ਕੋਠੀ ਤੋਂ ਕੁਝ ਦੂਰੀ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੇ ਵਿਰੋਧ ’ਚ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਧਰਨਾ ਲਗਾ ਦਿੱਤਾ, ਜਿਸ ਨਾਲ ਅਮਲੋਹ-ਖੰਨਾ ਰੋਡ ਜਾਮ ਹੋ ਗਿਆ। ਮਨਰੇਗਾ ਵਰਕਰਾਂ ਵੱਲੋਂ ਪੁਲਿਸ ਦੀ ਰੋਕਾਂ ਦੇ ਰਾਵਜੂਦ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰੀਬ ਇੱਕ ਘੰਟਾ ਚੱਲੇ ਰੋਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਅਤੇ ਸੈਂਕੜੇ ਮੁਲਾਜ਼ਮਾਂ ਤੇ ਯੂਨੀਅਨ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਵੱਖ-ਵੱਖ ਥਾਣਿਆਂ ’ਚ ਭੇਜ ਦਿੱਤਾ। ਯੂਨੀਅਨ ਅਨੁਸਾਰ ਕੁਝ ਮਨਰੇਗਾ ਵਰਕਰਾਂ ਨੂੰ ਬੀਤੀ ਰਾਤ ’ਚ ਨਜ਼ਰਬੰਦ ਕੀਤਾ ਗਿਆ ਸੀ।
ਰੋਸ ਪ੍ਰਦਰਸ਼ਨ ਮੌਕੇ ਐੱਸਡੀਐੱਮ ਸਵਾਤੀ ਟਿਵਾਣਾ ਤੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਵੀ ਮੌਕੇ ’ਤੇ ਪਹੁੰਚੇ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਖਾਲੀ ਕਰ ਕੇ ਪਾਰਕ ਅੰਦਰ ਸ਼ਾਂਤੀਪੂਰਵਕ ਧਰਨਾ ਦੇਣ ਦੀ ਅਪੀਲ ਕੀਤੀ ਪਰ ਮੁਲਾਜ਼ਮ ਮੰਤਰੀ ਸੋਂਦ ਦੇ ਘਰ ਜਾਣ ਤੋਂ ਘੱਟ ਕੋਈ ਗੱਲ ਨਹੀਂ ਮੰਨੇ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਹਟਾਇਆ ਅਤੇ ਸੜਕ ਖਾਲੀ ਕਰਵਾਈ। ਇਸ ਤੋਂ ਪਹਿਲਾਂ ਸ਼ਹਿਰ ਦੇ ਦਾਖ਼ਲੀ ਮਾਰਗਾਂ ’ਤੇ ਲੱਗੇ ਨਾਕਿਆਂ ਤੋਂ ਵੀ 50 ਤੋਂ ਵੱਧ ਯੂਨੀਅਨ ਆਗੂਆਂ ਅਤੇ ਮੁਲਾਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਸ਼ਹਿਰ ’ਚ ਦਾਖਲ ਹੋਣ ’ਚ ਕਾਮਯਾਬ ਰਹੇ। ਉੱਧਰ ਮੌਕੇ ’ਤੇ ਮੌਜੂਦ ਐੱਸਪੀ ਰਾਜਪਾਲ ਸਿੰਘ ਨੇ ਕਿਹਾ ਕਿ ਐੱਸਡੀਐੱਮ ਦੇ ਹੁਕਮਾਂ ’ਤੇ ਇਲਾਕੇ ਵਿੱਚ ਧਾਰਾ 163 ਲਾਗੂ ਕੀਤੀ ਗਈ ਸੀ। ਪ੍ਰਦਰਸ਼ਨਕਾਰੀਆਂ ਨੂੰ ਕਈ ਵਾਰ ਸੜਕ ਖਾਲੀ ਕਰ ਕੇ ਪਾਰਕ ਵਿੱਚ ਸ਼ਾਂਤੀਪੂਰਵਕ ਧਰਨਾ ਦੇਣ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਸੜਕ ਜਾਮ ਕਰ ਕੇ ਕਾਨੂੰਨ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ।