
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਈਕਲ ਪਾਰਟਸ ਪੇਂਟ ਕਰਨ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ, ਢਾਈ ਘੰਟਿਆਂ ’ਚ ਪਾਇਆ ਕਾਬੂ

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਜਸਪਾਲ ਬਾਂਗੜ ਸਥਿਤ ਮੱਲ੍ਹੀ ਚੌਂਕ ਦੀ ਗਲੀ ਨੰਬਰ-8 ਵਿੱਚ ਬੁੱਧਵਾਰ ਸ਼ਾਮ ਸਾਈਕਲ ਪਾਰਟਸ ਪੇਂਟ ਕਰਨ ਵਾਲੀ ਇੱਕ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁੱਝ ਹੀ ਸਮੇਂ ਵਿੱਚ ਤੇਜ਼ੀ ਨਾਲ ਫੈਲ ਕੇ ਫੈਕਟਰੀ ਅੰਦਰ ਪਿਆ ਸਮਾਨ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਤੇ ਧੂੰਆਂ ਉੱਠਦਾ ਦੇਖ ਆਸ-ਪਾਸ ਦੇ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਫੈਕਟਰੀ ਵਰਕਰ ਅਰੁਣ ਕੁਮਾਰ ਅਨੁਸਾਰ ਘਟਨਾ ਸਮੇਂ ਫੈਕਟਰੀ ਦੇ ਅੰਦਰ ਦੋ ਵਿਅਕਤੀ ਕੰਮ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਜ਼ੋਰਦਾਰ ਸਪਾਰਕਿੰਗ ਹੋਈ ਤੇ ਦੇਖਦੇ ਹੀ ਦੇਖਦੇ ਅੱਗ ਭੜਕ ਉੱਠੀ। ਦੋਵਾਂ ਨੇ ਤੁਰੰਤ ਬਾਹਰ ਨਿਕਲ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੱਕ ਉਨ੍ਹਾਂ ਨੇ ਆਪਣੇ ਪੱਧਰ ’ਤੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਅਫ਼ਸਰ ਵਿਜੇ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸ਼ਾਮ ਕਰੀਬ 4:30 ਵਜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਫੋਕਲ ਪੁਆਇੰਟ ਸਮੇਤ ਹੋਰ ਫਾਇਰ ਸਟੇਸ਼ਨਾਂ ਤੋਂ ਵੀ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਕੁੱਲ ਚਾਰ ਵੱਡੀਆਂ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਢਾਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅੱਗ ਕਾਰਨ ਹੋਏ ਨੁਕਸਾਨ ਦਾ ਪੂਰਾ ਅੰਦਾਜ਼ਾ ਹਾਲੇ ਨਹੀਂ ਲੱਗ ਸਕਿਆ। ਫਾਇਰ ਵਿਭਾਗ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।