ਪਲਾਸਟਿਕ ਫੈਕਟਰੀ ’ਚ ਭਿਆਨਕ ਅੱਗ, ਮਸ਼ੀਨਰੀ ਤੇ ਕਰੋੜਾਂ ਦਾ ਮਾਲ ਸੜਨ ਦਾ ਖਦਸ਼ਾ; ਅਚਾਨਕ ਭੜਕੀ ਅੱਗ ਨੇ ਮਚਾਈ ਤਬਾਹੀ
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਹੀ ਮਿੰਟਾਂ ’ਚ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਫੈਕਟਰੀ ਮਾਲਕ ਨੂੰ ਭਾਰੀ ਮਾਲੀ ਨੁਕਸਾਨ ਝੱਲਣਾ ਪਿਆ ਹੈ।
Publish Date: Mon, 12 Oct 2026 11:10 AM (IST)
Updated Date: Mon, 12 Oct 2026 11:20 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ। ਸੋਮਵਾਰ ਸਵੇਰੇ ਜਿਵੇਂ ਹੀ ਫੈਕਟਰੀ ’ਚ ਕੰਮਕਾਜ ਸ਼ੁਰੂ ਹੋਇਆ ਤਾਂ ਕੁਝ ਹੀ ਦੇਰ ਬਾਅਦ ਅਚਾਨਕ ਭਿਆਨਕ ਅੱਗ ਭੜਕ ਉੱਠੀ। ਅੱਗ ਨੇ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੰਦਰ ਪਈ ਮਸ਼ੀਨਰੀ ਅਤੇ ਵੱਡੀ ਮਾਤਰਾ ਵਿੱਚ ਮਾਲ ਸੜ ਕੇ ਸੁਆਹ ਹੋ ਗਿਆ।
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਹੀ ਮਿੰਟਾਂ ’ਚ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਫੈਕਟਰੀ ਮਾਲਕ ਨੂੰ ਭਾਰੀ ਮਾਲੀ ਨੁਕਸਾਨ ਝੱਲਣਾ ਪਿਆ ਹੈ।
ਲੁਧਿਆਣਾ ਦੇ ਢੰਡਾਰੀ ਇਲਾਕੇ ਵਿੱਚ ਜਸਪਾਲ ਬਾਂਗੜ ਰੋਡ ’ਤੇ ਸਥਿਤ ਰਾਜੂ ਰਬੜ ਫੈਕਟਰੀ ਵਿੱਚ ਸੋਮਵਾਰ ਸਵੇਰੇ ਕਰੀਬ 7:30 ਵਜੇ ਭਿਆਨਕ ਅੱਗ ਲੱਗ ਗਈ। ਇਹ ਫੈਕਟਰੀ ਪਲਾਸਟਿਕ ਦੇ ਸਾਈਕਲ ਪਾਰਟਸ ਬਣਾਉਣ ਦਾ ਕੰਮ ਕਰਦੀ ਹੈ।
ਜਾਣਕਾਰੀ ਅਨੁਸਾਰ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਸਵੇਰੇ ਕਰੀਬ 7 ਵਜੇ ਮੁਲਾਜ਼ਮਾਂ ਨੇ ਫੈਕਟਰੀ ’ਚ ਕੰਮਕਾਜ ਸ਼ੁਰੂ ਕੀਤਾ ਸੀ। ਇਸ ਤੋਂ ਕੁਝ ਹੀ ਦੇਰ ਬਾਅਦ ਅਚਾਨਕ ਅੱਗ ਲੱਗ ਗਈ। ਸ਼ੁਰੂਆਤੀ ਦੌਰ ’ਚ ਲੱਗੀ ਅੱਗ ਨੇ ਥੋੜ੍ਹੇ ਸਮੇਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫੈਕਟਰੀ ਦੇ ਅੰਦਰਲੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫੈਕਟਰੀ ਵਿੱਚ ਪਈ ਮਸ਼ੀਨਰੀ ਅਤੇ ਮਾਲ ਨੂੰ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਫੈਕਟਰੀ ਅੰਦਰ ਭਾਰੀ ਤਬਾਹੀ ਮਚਾ ਦਿੱਤੀ। ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਮਸ਼ੀਨਰੀ ਸੜ ਕੇ ਰਾਖ, ਵੱਡੀ ਮਾਤਰਾ ’ਚ ਮਾਲ ਤਬਾਹ
ਫੈਕਟਰੀ ’ਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਬਾਰੇ ਮੈਨੇਜਰ ਹਰੀ ਓਮ ਨੇ ਦੱਸਿਆ ਕਿ ਅੱਗ ਨੇ ਫੈਕਟਰੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਅੰਦਰ ਪਈ ਮਸ਼ੀਨਰੀ ਸੜ ਕੇ ਰਾਖ ਹੋ ਚੁੱਕੀ ਹੈ, ਜਦਕਿ ਵੱਡੀ ਮਾਤਰਾ ਵਿੱਚ ਮਾਲ ਵੀ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਕਟਰੀ ਲਈ ਬਹੁਤ ਵੱਡਾ ਨੁਕਸਾਨ ਹੈ। ਅੱਗ ਦੀ ਤੀਬਰਤਾ ਕਾਰਨ ਫੈਕਟਰੀ ਦੇ ਅੰਦਰ ਪਏ ਸਾਮਾਨ ਨੂੰ ਬਚਾਉਣਾ ਸੰਭਵ ਨਹੀਂ ਹੋ ਸਕਿਆ
।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫੈਕਟਰੀ ਮਾਲਕ ਵਿਕਾਸ ਬਾਂਸਲ ਵੀ ਮੌਕੇ ’ਤੇ ਪਹੁੰਚ ਗਏ। ਫੈਕਟਰੀ ’ਚ ਹੋਈ ਤਬਾਹੀ ਨੂੰ ਦੇਖਦਿਆਂ ਮਾਲੀ ਨੁਕਸਾਨ ਕਾਫ਼ੀ ਜ਼ਿਆਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਨੁਕਸਾਨ ਦੀ ਅਸਲ ਰਕਮ ਦਾ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।
ਹੁਣ ਤੱਕ ਲੱਗ ਚੁੱਕੀਆਂ ਹਨ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ
ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਵੱਲ ਰਵਾਨਾ ਹੋ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਅੱਗ ਪਹਿਲਾਂ ਹੀ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ, ਜਿਸ ਕਾਰਨ ਇਸ ’ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ।
ਸੋਮਵਾਰ ਸਵੇਰੇ ਪੌਣੇ 11 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੀਆਂ ਹੋਈਆਂ ਸਨ। ਫਾਇਰ ਕਰਮਚਾਰੀਆਂ ਵੱਲੋਂ ਅੱਗ ਨੂੰ ਕਾਬੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ।