- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਸੀਆਈਆਈ ਦੀ 39ਵੀਂ ਕੁਆਲਿਟੀ ਸਰਕਲ ਮੁਕਾਬਲੇਬਾਜ਼ੀ ’ਚ ਮਾਰੂਤੀ ਸੁਜ਼ੂਕੀ ਦੀ ਟੀਮ ਰਹੀ ਅੱਵਲ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਲੁਧਿਆਣਾ ਵੱਲੋਂ ਹੋਟਲ ਪਾਰਕ ਪਲਾਜ਼ਾ ਵਿਖੇ 39ਵੀਂ ਕੁਆਲਿਟੀ ਸਰਕਲ (ਕਿਊਸੀ) ਮੁਕਾਬਲੇਬਾਜ਼ੀ ਕਰਵਾਈ ਗਈ। ਇਸ ਵਿੱਚ ਖੇਤਰ ਦੀਆਂ ਪ੍ਰਮੁੱਖ ਉਦਯੋਗਿਕ ਇਕਾਈਆਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਦੌਰਾਨ ਸਮੱਸਿਆਵਾਂ ਦੇ ਹੱਲ, ਟੀਮ ਵਰਕ ਅਤੇ ਸਨਅਤੀ ਖੇਤਰ ਵਿੱਚ ਨਿਰੰਤਰ ਸੁਧਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ। ਮੁਕਾਬਲੇ ’ਚ ਵੱਖ-ਵੱਖ ਟੀਮਾਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਅਤੇ ਮੁਲਾਂਕਣ ਤੋਂ ਬਾਅਦ ਨਤੀਜੇ ਐਲਾਨੇ ਗਏ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ, ਗੁਰੂਗ੍ਰਾਮ ਦੀ ਟੀਮ ‘ਲਕਸ਼ਯਾ’ ਨੇ ਪਹਿਲਾ ਸਥਾਨ ਹਾਸਲ ਕੀਤਾ। ਅਦਿਤਿਆ ਬਿਰਲਾ ਓਪਸ ਪੇਂਟਸ–ਗ੍ਰਾਸਿਮ ਇੰਡਸਟਰੀਜ਼ ਲਿਮਟਿਡ ਦੀ ਟੀਮ ‘ਸਮਾਰਟ ਲੋਡਰਜ਼’ ਦੂਜੇ ਸਥਾਨ ’ਤੇ ਰਹੀ, ਜਦਕਿ ਟਾਟਾ ਸਟੀਲ ਲਿਮਟਿਡ ਦੇ ਧਨਾਨਸੂ ਪਲਾਂਟ, ਲੁਧਿਆਣਾ ਦੀ ਟੀਮ ‘ਸ਼ੁੱਧੀ ਕਰਨ’ ਨੇ ਤੀਜਾ ਸਥਾਨ ਹਾਸਲ ਕੀਤਾ। ਸੀਆਈਆਈ ਲੁਧਿਆਣਾ ਜ਼ੋਨ ਦੇ ਚੇਅਰਮੈਨ ਗੌਤਮ ਢੱਲ ਨੇ ਕਿਹਾ ਕਿ ਕੁਆਲਿਟੀ ਸਰਕਲ ਸਿਰਫ਼ ਸਮੱਸਿਆਵਾਂ ਦੇ ਹੱਲ ਤੱਕ ਸੀਮਤ ਨਹੀਂ ਹਨ, ਸਗੋਂ ਇਹ ਕਰਮਚਾਰੀਆਂ ’ਚ ਨਵੀਨਤਾ, ਟੀਮ ਵਰਕ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਸਹਾਇਕ ਹਨ। ਇਹ ਮੰਚ ਉਦਯੋਗਾਂ ਨੂੰ ਆਪਣੇ ਕੰਮਕਾਜੀ ਤਰੀਕਿਆਂ ਦੀ ਤੁਲਨਾ ਕਰਨ ਅਤੇ ਗੁਣਵੱਤਾ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦਾ ਮੌਕਾ ਦਿੰਦਾ ਹੈ। ਮੁਕਾਬਲੇ ਵਿੱਚ 100 ਤੋਂ ਵੱਧ ਟੀਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਉਦਯੋਗਿਕ ਆਗੂਆਂ ਅਤੇ ਭਾਗੀਦਾਰਾਂ ਵੱਲੋਂ ਇਸ ਸਮਾਗਮ ਦੀ ਸ਼ਲਾਘਾ ਕੀਤੀ ਗਈ। ਸੀਆਈਆਈ ਵੱਲੋਂ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਦਾ ਧੰਨਵਾਦ ਕਰਦਿਆਂ ਉਦਯੋਗਿਕ ਖੇਤਰ ਵਿੱਚ ਗੁਣਵੱਤਾ ਤੇ ਨਿਰੰਤਰ ਸੁਧਾਰ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।