ਕਮਰਾ ਖੋਲ੍ਹਦਿਆਂ ਹੀ ਉੱਡੇ ਹੋਸ਼, ਫਾਹੇ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼; ਚਾਰ ਸਾਲਾ ਪੁੱਤਰ ਨੂੰ ਭੈਣ ਕੋਲ ਛੱਡ ਕੇ ਪਤੀ ਫਰਾਰ
ਮਾਮਲੇ ਵਿੱਚ ਪਤੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਅਤੇ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਕ ਪ੍ਰਿਆ ਆਪਣੇ ਪਤੀ ਅਕਸ਼ੈ ਅਤੇ ਚਾਰ ਸਾਲਾ ਪੁੱਤਰ ਨਾਲ ਸਲੇਮ ਟਾਬਰੀ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਅਕਸ਼ੈ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਘਰੇਲੂ ਮਾਮਲੇ ਨੂੰ ਲੈ ਕੇ ਦੋਵਾਂ ਪਤੀ-ਪਤਨੀ ਵਿਚਕਾਰ ਤਕਰਾਰ ਹੋਈ ਸੀ।
Publish Date: Sun, 23 Aug 2026 12:20 PM (IST)
Updated Date: Sun, 23 Aug 2026 12:23 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸਲੇਮ ਟਾਬਰੀ ਇਲਾਕੇ ’ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਲਾਸ਼ ਉਸ ਦੇ ਘਰ ਵਿੱਚ ਬੈੱਡ ’ਤੇ ਪਈ ਮਿਲੀ, ਜਦਕਿ ਉਸ ਦੇ ਪਤੀ ਅਕਸ਼ੈ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਤੋਂ ਪਹਿਲਾਂ ਹੀ ਲਾਸ਼ ਨੂੰ ਪੱਖੇ ਤੋਂ ਹੇਠਾਂ ਉਤਾਰ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਅਕਸ਼ੈ ਚਾਰ ਸਾਲਾ ਪੁੱਤਰ ਨੂੰ ਆਪਣੀ ਭੈਣ ਦੇ ਘਰ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਪ੍ਰਿਆ ਵਜੋਂ ਹੋਈ ਹੈ।
ਮਾਮਲੇ ਵਿੱਚ ਪਤੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਅਤੇ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਕ ਪ੍ਰਿਆ ਆਪਣੇ ਪਤੀ ਅਕਸ਼ੈ ਅਤੇ ਚਾਰ ਸਾਲਾ ਪੁੱਤਰ ਨਾਲ ਸਲੇਮ ਟਾਬਰੀ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਅਕਸ਼ੈ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਘਰੇਲੂ ਮਾਮਲੇ ਨੂੰ ਲੈ ਕੇ ਦੋਵਾਂ ਪਤੀ-ਪਤਨੀ ਵਿਚਕਾਰ ਤਕਰਾਰ ਹੋਈ ਸੀ।
ਇਸ ਤੋਂ ਬਾਅਦ ਪ੍ਰਿਆ ਵੱਲੋਂ ਪੱਖੇ ਨਾਲ ਫਾਹਾ ਲੈਣ ਦੀ ਗੱਲ ਸਾਹਮਣੇ ਆਈ। ਘਟਨਾ ਤੋਂ ਬਾਅਦ ਅਕਸ਼ੈ ਨੇ ਕਮਰੇ ਦਾ ਦਰਵਾਜ਼ਾ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਚਾਬੀ ਨੇੜੇ ਹੀ ਇੱਕ ਥਾਂ ’ਤੇ ਲੁਕਾ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਚਾਰ ਸਾਲਾ ਪੁੱਤਰ ਨੂੰ ਨਾਲ ਲੈ ਕੇ ਉੱਥੋਂ ਚਲਾ ਗਿਆ ਅਤੇ ਬੱਚੇ ਨੂੰ ਆਪਣੀ ਭੈਣ ਦੇ ਘਰ ਛੱਡ ਦਿੱਤਾ।
ਸ਼ਹਿਰ ਤੋਂ ਫਰਾਰ ਹੋਣ ਤੋਂ ਪਹਿਲਾਂ ਅਕਸ਼ੈ ਨੇ ਪ੍ਰਿਆ ਦੇ ਫਿਰੋਜ਼ਪੁਰ ਰਹਿੰਦੇ ਨਾਨਕਾ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਉਸ ਨੇ ਇਹ ਵੀ ਦੱਸਿਆ ਕਿ ਉਹ ਲਾਸ਼ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਬੈੱਡ ’ਤੇ ਰੱਖ ਚੁੱਕਾ ਹੈ। ਅਕਸ਼ੈ ਨੇ ਫੋਨ ’ਤੇ ਕਮਰੇ ਦੀ ਚਾਬੀ ਕਿੱਥੇ ਰੱਖੀ ਹੈ, ਇਸ ਦੀ ਜਾਣਕਾਰੀ ਵੀ ਪਰਿਵਾਰ ਨੂੰ ਦਿੱਤੀ ਅਤੇ ਇਸ ਤੋਂ ਬਾਅਦ ਆਪਣਾ ਮੋਬਾਈਲ ਫੋਨ ਬੰਦ ਕਰ ਕੇ ਫਰਾਰ ਹੋ ਗਿਆ।
ਸੂਚਨਾ ਮਿਲਣ ਤੇ ਪ੍ਰਿਆ ਦੇ ਫਿਰੋਜ਼ਪੁਰ ਤੋਂ ਰਿਸ਼ਤੇਦਾਰ ਤੁਰੰਤ ਲੁਧਿਆਣਾ ਪਹੁੰਚੇ। ਅਕਸ਼ੈ ਵੱਲੋਂ ਦੱਸੀ ਥਾਂ ਤੋਂ ਚਾਬੀ ਲੈ ਕੇ ਜਦੋਂ ਉਨ੍ਹਾਂ ਨੇ ਕਮਰਾ ਖੋਲ੍ਹਿਆ ਤਾਂ ਬੈੱਡ ’ਤੇ ਪ੍ਰਿਆ ਦੀ ਲਾਸ਼ ਪਈ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਰਿਸ਼ਤੇਦਾਰਾਂ ਨੇ ਤੁਰੰਤ ਸਲੇਮ ਟਾਬਰੀ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।
ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਹੋਰ ਸਪੱਸ਼ਟ ਹੋਣ ਦੀ ਉਮੀਦ ਹੈ। ਇਸ ਮਾਮਲੇ ਵਿੱਚ ਉਸ ਸਮੇਂ ਸ਼ੱਕ ਹੋਰ ਡੂੰਘਾ ਹੋ ਗਿਆ ਜਦੋਂ ਪ੍ਰਿਆ ਦੀ ਮੌਤ ਤੋਂ ਬਾਅਦ ਉਸ ਦਾ ਪਤੀ ਘਰ ਨੂੰ ਤਾਲਾ ਲਗਾ ਕੇ ਆਪਣੇ ਚਾਰ ਸਾਲਾ ਪੁੱਤਰ ਨੂੰ ਰਿਸ਼ਤੇਦਾਰਾਂ ਕੋਲ ਛੱਡ ਕੇ ਫਰਾਰ ਹੋ ਗਿਆ।
ਮ੍ਰਿਤਕਾ ਦੇ ਪਰਿਵਾਰ ਵੱਲੋਂ ਅਕਸ਼ੈ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਹਾਲਾਂਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਤੇ ਅਜੇ ਤੱਕ ਕਤਲ ਦੀ ਪੁਸ਼ਟੀ ਨਹੀਂ ਹੋਈ।
ਐਡੀਸ਼ਨਲ ਡੀਸੀਪੀ-1 ਸਮੀਰ ਵਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਅਤੇ ਇਸ ਨੂੰ ਕਤਲ ਮੰਨਣ ਦੇ ਸਬੂਤ ਫਿਲਹਾਲ ਸਾਹਮਣੇ ਨਹੀਂ ਆਏ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਸਹੀ ਕਾਰਨ ਸਪੱਸ਼ਟ ਹੋਣਗੇ ਅਤੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।