- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮਾਰਕੀਟ ਕਮੇਟੀ ਦਾ ਨਵਾਂ ਕਾਰਨਾਮਾ-ਮੇਨ ਗੇਟ ਬਾਹਰ ਫੁੱਟਪਾਥ 'ਤੇ ਵੀ ਵਸੂਲੀ

-100 ਦੀ ਪਰਚੀ ਦੀ ਥਾਂ ’ਤੇ ਵਸੂਲੇ ਜਾ ਰਹੇ 150 ਰੁਪਏ
-ਨਿਗਮ ਦੀ ਜ਼ਮੀਨ ’ਤੇ ਪੈਸੇ ਨਾ ਦੇਣ 'ਤੇ ਕੀਤੀ ਜਾ ਰਹੀ ਕੁੱਟਮਾਰ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਬਹਾਦਰ ਕੇ ਰੋਡ ਸਥਿਤ ਬਣੀ ਮਾਰਕੀਟ ਕਮੇਟੀ ਲੁਧਿਆਣਾ ਦਾ ਇਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਮਾਰਕੀਟ ਕਮੇਟੀ ਦੇ ਕਰਿੰਦਿਆਂ ਵੱਲੋਂ ਮੇਨ ਗੇਟਾਂ ਦੇ ਬਾਹਰ ਬਣੇ ਫੁੱਟਪਾਥਾਂ ਤੋਂ ਵੀ ਜ਼ੋਰਦਾਰ ਢੰਗ ਨਾਲ ਵਸੂਲੀ ਕੀਤੀ ਜਾ ਰਹੀ ਹੈ। ਇਸੇ ਨਾਲ ਪਰਚੀ 'ਤੇ ਮੁੱਢਲੀਆਂ ਸਹੂਲਤਾਂ ਦੇਣ ਦਾ ਲਿਖਿਆ ਹੋਇਆ ਹੈ। ਪ੍ਰੰਤੂ ਫੁੱਟਪਾਥ 'ਤੇ ਗੰਦਗੀ ਦੀ ਸੁਵਿਧਾ ਜਰੂਰ ਦੇਖੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ ਕਰਿੰਦਿਆਂ ਵੱਲੋਂ ਬਾਹਰ ਫੁੱਟਪਾਥ 'ਤੇ ਖੜ੍ਹੀਆਂ ਰੇਹੜੀਆਂ, ਫੜ੍ਹੀਆਂ ਤੋਂ 100 ਰੁਪਏ ਦੀ ਪਰਚੀ ਦੀ ਆੜ 'ਚ 150 ਰੁਪਏ ਵਸੂਲੇ ਜਾ ਰਹੇ ਹਨ। ਰੇਹੜੀ ਵਾਲਿਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਤੁਸੀਂ ਸਾਡੀ ਫੋਟੋ ਅਤੇ ਨਾਮ ਵਾਇਰਲ ਕਰੋਗੇ ਤਾਂ ਉਹ ਸਾਨੂੰ ਇੱਥੇ ਰੇਹੜੀ-ਫੜੀ ਨਹੀਂ ਲਗਾਉਣ ਦੇਣਗੇ।
ਕਰਿੰਦਿਆਂ ਦੀ ਹੱਦ ਇੱਥੇ ਹੀ ਖਤਮ ਨਹੀਂ ਹੁੰਦੀ। ਪਰਚੀ ਤੋਂ ਵੱਧ ਰੁਪਏ ਨਾ ਦੇਣ 'ਤੇ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਹੈ। ਇਕ ਵਿਅਕਤੀ ਨੇ ਦੱਸਿਆ ਕਿ ਜੇਕਰ ਕਿਸੇ ਦਿਨ ਰੇਹੜੀ ਨਾ ਲਗਾਈ ਜਾਵੇ ਅਤੇ ਛੁੱਟੀ ਕੀਤੀ ਜਾਵੇ, ਤਾਂ ਵੀ ਇਹ ਕਰਿੰਦੇ ਉਸ ਦਿਨ ਦੀ ਵਸੂਲੀ ਕਰਦੇ ਹਨ।ਇੱਥੇ ਦੱਸਣਾ ਲਾਜ਼ਮੀ ਹੈ ਕਿ ਸੜਕ 'ਤੇ ਬਣੇ ਫੁੱਟਪਾਥ ਨਗਰ ਨਿਗਮ ਦੇ ਅਧੀਨ ਆਉਂਦੇ ਹਨ। ਇਨ੍ਹਾਂ ਤੋਂ ਮਾਰਕੀਟ ਕਮੇਟੀ ਵਸੂਲੀ ਨਹੀਂ ਕਰ ਸਕਦੀ ਪਰ ਫਿਰ ਵੀ ਇੱਥੇ ਮਨਮਾਨੀ ਨਾਲ ਵਸੂਲੀ ਜਾਰੀ ਹੈ। ਦੂਜੇ ਪਾਸੇ ਬਹਾਦਰ ਕੇ ਰੋਡ ਸਥਿਤ ਮੰਡੀ ਕਾਰਨ ਰੋਡ ਵੀ ਪੂਰਾ ਜਾਮ ਹੋ ਜਾਂਦਾ ਹੈ। ਇਸ ਦਾ ਕਾਰਨ ਫੁੱਟਪਾਥ ਅਤੇ ਸੜਕਾਂ 'ਤੇ ਲੱਗੀਆਂ ਰੇਹੜੀਆਂ ਨੂੰ ਦੱਸਿਆ ਜਾ ਰਿਹਾ ਹੈ। ਇੱਥੇ ਸਵਾਲ ਚੁੱਕਣਾ ਲਾਜ਼ਮੀ ਹੈ ਕਿ ਮਾਰਕੀਟ ਕਮੇਟੀ ਲੁਧਿਆਣਾ ਮੰਡੀ ਦੀ ਆੜ 'ਚ ਮਨਮਾਨੀ ਦਾ ਖੇਡ ਖੇਡਣ 'ਚ ਲੱਗੀ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਬਾਹਰ ਬਣੇ ਫੁੱਟਪਾਥ ਤੋਂ ਹੋਣ ਵਾਲੀ ਵਸੂਲੀ ਜਾਰੀ ਰੱਖੇਗੀ, ਜਾਂ ਫਿਰ ਨਗਰ ਨਿਗਮ ਇਸ ਦੀ ਪ੍ਰਵਾਨਗੀ ਮਿਲਣ 'ਤੇ ਫੁੱਟਪਾਥ ਤੋਂ ਹੋ ਰਹੀ ਨਜਾਇਜ਼ ਵਸੂਲੀ ਰੋਕਣ 'ਚ ਸਫ਼ਲ ਹੋਵੇਗਾ।ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
-ਬਾਕਸ
-ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ : ਖੰਗੂੜਾ
ਮੰਡੀ ਦੇ ਬਾਹਰ ਬਾਹਰ ਬਣੇ ਫੁੱਟਪਾਥ 'ਤੇ ਹੋਣ ਵਾਲੀ ਵਸੂਲੀ ਤੇ ਧੱਕੇਸ਼ਾਹੀ ਬਾਰੇ ਪੁੱਛਣ 'ਤੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਕਿਹਾ ਇਸ ਦੀ ਜਾਂਚ ਕਰਕੇ ਉਕਤ ਧੱਕਾ ਕਰਨ ਵਾਲੇ ਕਰਿੰਦਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਫੁੱਟਪਾਥ ਨਿਗਮ ਦੀ ਹੱਦ 'ਚ ਆਉਂਦੇ ਹਨ, ਤਾਂ ਉਨ੍ਹਾਂ ਕਿਹਾ ਇਸ ਦੀ ਜਾਂਚ ਕਰਕੇ ਦੱਸਿਆ ਜਾਵੇਗਾ।
-ਬਾਕਸ-
-ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਕਰਾਂਗੇ : ਹਾਂਡਾ
ਨਿਗਮ ਦੇ ਤਹਿਬਾਜ਼ਾਰੀ ਇੰਸਪੈਕਟਰ ਵਿਪਨ ਹਾਂਡਾ ਨੇ ਕਿਹਾ ਪਹਿਲਾਂ ਵੀ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਸੀ। ਹੁਣ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਪ੍ਰਵਾਨਗੀ ਲੈ ਕੇ ਰੋਡ 'ਤੇ ਨਜਾਇਜ਼ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਸਾਫ਼ ਕਿਹਾ ਇਹ ਰੋਡ ਨਿਗਮ ਅਧੀਨ ਆਉਂਦਾ, ਮਾਰਕੀਟ ਕਮੇਟੀ ਅਧੀਨ ਨਹੀਂ ਆਉਂਦਾ।