ਡੇਂਗੂ ਲਾਰਵਾ ’ਤੇ ਜਾਰੀ ਚਲਾਨ ਨਾ ਭੁਗਤਣ ਵਾਲੀਆਂ 250 ਇਮਾਰਤਾਂ ਦੇ ਨਕਸ਼ੇ ਹੋਣਗੇ ਰੱਦ, DC ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੇ ਹੁਕਮ
ਗੌਰ ਕਰਨ ਵਾਲੀ ਗੱਲ ਹੈ ਕਿ ਬਰਸਾਤਾਂ ਦੇ ਮੌਸਮ ’ਚ ਡੇਂਗੂ ਮੱਛਰ ਪਣਪਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਇਹ ਮੱਛਰ ਸਾਫ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਜ਼ਿਆਦਾਤਰ ਇਮਾਰਤਾਂ ਜਾਂ ਘਰਾਂ ਦੇ ਉਹ ਹਿੱਸੇ ਜਿੱਥੇ ਕੋਈ ਧਿਆਨ ਨਹੀਂ ਦਿੰਦਾ, ਉੱਥੇ ਲਾਰਵਾ ਬਣਦਾ ਹੈ। ਇਸ ’ਚ ਗਮਲੇ, ਫ੍ਰਿੱਜਾਂ ਦੀਆਂ ਟ੍ਰੇਆਂ ਤੇ ਘਰ ਦੀ ਛੱਤ 'ਤੇ ਰੱਖਿਆ ਕਬਾੜ ਸ਼ਾਮਲ ਹੈ, ਜਿੱਥੇ ਵਰਖਾ ਦਾ ਪਾਣੀ ਇਕੱਠਾ ਹੋ ਜਾਂਦਾ ਹੈ।
Publish Date: Fri, 24 Jul 2026 12:08 PM (IST)
Updated Date: Fri, 24 Jul 2026 12:12 PM (IST)
ਵਰਿੰਦਰ ਰਾਣਾ, ਜਾਗਰਣ, ਲੁਧਿਆਣਾ। ਜੇ ਤੁਹਾਡੇ ਖ਼ਿਲਾਫ਼ ਡੇਂਗੂ ਲਾਰਵਾ ਮਿਲਣ ਦੇ ਬਾਅਦ ਚਲਾਨ ਜਾਰੀ ਕੀਤਾ ਗਿਆ ਹੈ ਅਤੇ ਤੁਸੀਂ ਇਸ ਦੀ ਜੁਰਮਾਨਾ ਰਕਮ ਅਜੇ ਤੱਕ ਅਦਾ ਨਹੀਂ ਕੀਤੀ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜੋ ਲੋਕ ਚਲਾਨ ਦਾ ਭੁਗਤਾਨ ਨਹੀਂ ਕਰਦੇ, ਉਨ੍ਹਾਂ ਦੇ ਨਕਸ਼ੇ ਰੱਦ ਕਰ ਦਿੱਤੇ ਜਾਣ।
ਜੇਕਰ ਕਿਸੇ ਇਮਾਰਤ ਜਾਂ ਘਰ ਦਾ ਨਕਸ਼ਾ ਰੱਦ ਕੀਤਾ ਜਾਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਜਾਇਜ਼ ਹੋ ਜਾਵੇਗੀ। ਇਨ੍ਹਾਂ ਹੁਕਮਾਂ ਦੇ ਬਾਅਦ ਲਗਪਗ 250 ਇਮਾਰਤਾਂ ’ਤੇ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਨੇ ਅਜੇ ਤੱਕ ਚਲਾਨ ਦਾ ਭੁਗਤਾਨ ਨਹੀਂ ਕੀਤਾ।
ਗੌਰ ਕਰਨ ਵਾਲੀ ਗੱਲ ਹੈ ਕਿ ਬਰਸਾਤਾਂ ਦੇ ਮੌਸਮ ’ਚ ਡੇਂਗੂ ਮੱਛਰ ਪਣਪਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਇਹ ਮੱਛਰ ਸਾਫ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਜ਼ਿਆਦਾਤਰ ਇਮਾਰਤਾਂ ਜਾਂ ਘਰਾਂ ਦੇ ਉਹ ਹਿੱਸੇ ਜਿੱਥੇ ਕੋਈ ਧਿਆਨ ਨਹੀਂ ਦਿੰਦਾ, ਉੱਥੇ ਲਾਰਵਾ ਬਣਦਾ ਹੈ। ਇਸ ’ਚ ਗਮਲੇ, ਫ੍ਰਿੱਜਾਂ ਦੀਆਂ ਟ੍ਰੇਆਂ ਤੇ ਘਰ ਦੀ ਛੱਤ 'ਤੇ ਰੱਖਿਆ ਕਬਾੜ ਸ਼ਾਮਲ ਹੈ, ਜਿੱਥੇ ਵਰਖਾ ਦਾ ਪਾਣੀ ਇਕੱਠਾ ਹੋ ਜਾਂਦਾ ਹੈ।
ਜਦੋਂ ਕਿਸੇ ਖੇਤਰ ਵਿਚ ਡੇਂਗੂ ਦਾ ਮਰੀਜ਼ ਮਿਲਦਾ ਹੈ ਤਾਂ ਸਿਹਤ ਵਿਭਾਗ ਉਸ ਘਰ ਅਤੇ ਆਸ-ਪਾਸ ਦੇ ਖੇਤਰ ਦੀ ਜਾਂਚ ਕਰਦਾ ਹੈ। ਜਿਨ੍ਹਾਂ ਘਰਾਂ ਜਾਂ ਇਮਾਰਤਾਂ ਵਿਚ ਡੇਂਗੂ ਲਾਰਵਾ ਮਿਲਦਾ ਹੈ, ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਇਸ ਘਰ ਦੇ ਸਬੰਧ ਵਿਚ ਇਕ ਰਿਪੋਰਟ ਨਿਗਮ ਕੋਲ ਭੇਜੀ ਜਾਂਦੀ ਹੈ, ਜਿਸ 'ਤੇ ਨਿਗਮ ਵੱਲੋਂ ਚਲਾਨ ਜਾਰੀ ਕੀਤਾ ਜਾਂਦਾ ਹੈ। ਇਸ ਚਲਾਨ ’ਤੇ ਵਿਅਕਤੀ ਨੂੰ ਪੰਜ ਸੌ ਰੁਪਏ ਅਦਾ ਕਰਨੇ ਹੁੰਦੇ ਹਨ, ਜੋ ਨਿਗਮ ਦੇ ਕਿਸੇ ਵੀ ਸਹੂਲਤ ਕੇਂਦਰ 'ਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਹਾਲ ਹੀ ਵਿਚ ਨਿਗਮ ਨੇ ਲਗਪਗ 250 ਘਰਾਂ ਦਾ ਚਲਾਨ ਕੀਤਾ ਸੀ ਪਰ ਇਹ ਘਰ ਮਾਲਕ ਚਲਾਨ ਭੁਗਤਣ ਲਈ ਨਹੀਂ ਆਏ। ਪਿਛਲੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਵਿਚ ਇਹ ਮਾਮਲਾ ਉੱਠਿਆ ਸੀ, ਜਿਸ ਦੌਰਾਨ ਡੀਸੀ ਹਿਮਾਂਸ਼ੂ ਜੈਨ ਨੇ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਚਲਾਨ ਦੀ ਰਕਮ ਨਾ ਜਮ੍ਹਾਂ ਕਰਨ ਵਾਲਿਆਂ ਦੇ ਨਕਸ਼ੇ ਰੱਦ ਕੀਤੇ ਜਾਣ। ਵੀਰਵਾਰ ਨੂੰ ਹੋਈ ਮੀਟਿੰਗ ਵਿਚ ਇਕ ਵਾਰ ਫਿਰ ਇਹ ਮੁੱਦਾ ਸਾਹਮਣੇ ਆ ਗਿਆ। ਡੀਸੀ ਜੈਨ ਨੇ ਦੁਬਾਰਾ ਨਿਗਮ ਦੇ ਅਧਿਕਾਰੀਆਂ ਨੂੰ ਸਖਤ ਲਹਿਜ਼ੇ ਵਿਚ ਕਿਹਾ ਕਿ ਉਹ ਉਨ੍ਹਾਂ ਦੇ ਨਕਸ਼ੇ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ।