- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਿਡੌਣੇ ਪਿਸਤੌਲ ਨਾਲ ਵਾਰਦਾਤਾਂ ਕਰਨ ਵਾਲਾ ਮਹਿਲਾ ਦੋਸਤ ਅਤੇ ਸਾਥੀ ਸਮੇਤ ਗ੍ਰਿਫ਼ਤਾਰ

-01 ਜਗਰਾਓਂ ਪੁਲਿਸ ਲਾਈਨ ਵਿਖੇ ਐੱਸਐੱਸਪੀ ਡਾ. ਅੰਕੁਰ ਗੁਪਤਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਨਾਲ ਡੀਐੱਸਪੀ ਸਾਗਰ ਬਨਾਲ, ਇੰਸਪੈਕਟਰ ਪਰਮਿੰਦਰ ਸਿੰਘ ਅਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ।
- 60 ਘੰਟਿਆਂ ’ਚ ਵਾਰਦਾਤਾਂ ਸੁਲਝਾਉਂਦਿਆਂ ਸਮਾਨ ਵੀ ਬਰਾਮਦ
ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਜਗਰਾਓਂ ਸ਼ਹਿਰ ’ਚ ਬੀਤੀ 18 ਨਵੰਬਰ ਦੀ ਸ਼ਾਮ ਨੂੰ ਖਿਡੌਣਾ ਪਿਸਤੌਲ ਦੇ ਫਾਇਰ ਕਰ ਕੇ ਇਕ ਤੋਂ ਬਾਅਦ ਇਕ ਤਿੰਨ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੂੰ ਜਗਰਾਓਂ ਪੁਲਿਸ ਨੇ ਉਸ ਦੀ ਮਹਿਲਾ ਦੋਸਤ ਤੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ। ਜਦਕਿ ਇਸ ਗੈਂਗ ਦੇ ਉਕਤ ਸਰਗਨਾ ਦਾ ਭਰਾ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਵਰਣਨਯੋਗ ਹੈ ਕਿ ਬੀਤੀ 18 ਨਵੰਬਰ ਦੀ ਸ਼ਾਮ ਨੂੰ ਇਕ ਬਰੀਜਾ ਕਾਰ ਸਵਾਰਾਂ ਨੇ ਜਗਰਾਓਂ ਦੇ ਲੰਡੇ ਫਾਟਕ ’ਤੇ ਇਕ ਮੋਟਰਸਾਈਕਲ ਸਵਾਰ ਪਾਸੋਂ ਉਸ ਦਾ ਮੋਬਾਈਲ ਖੋਹਦਿਆਂ ਮੋਟਰਸਾਈਕਲ ਵੀ ਲੁੱਟ ਲਿਆ। ਇਸ ਤੋਂ ਬਾਅਦ ਉਹ ਜਗਰਾਓਂ ਦੇ ਇਕ ਕਰਿਆਨਾ ਸਟੋਰ ’ਤੇ ਖਿਡੌਣਾ ਪਿਸਤੌਲ ਦਾ ਫਾਇਰ ਕਰ ਕੇ ਉਥੋਂ ਨਕਦੀ ਤੇ ਸਾਮਾਨ ਲੈ ਗਏ। ਇਸ ਤੋਂ ਬਾਅਦ ਇਹ ਜਗਰਾਓਂ ਦੇ ਅਗਵਾੜ ਲੋਪੋ ਸਥਿਤ ਏਕਜੋਤ ਕਲੀਨਿਕ ’ਤੇ ਪੁੱਜੇ। ਇਥੇ ਵੀ ਇਨ੍ਹਾਂ ਖਿਡੌਣਾ ਪਿਸਤੌਲ ਦਾ ਫਾਇਰ ਕਰਦਿਆਂ ਡਾਕਟਰ ਤੋਂ ਨਕਦੀ, ਲੈਪਟੌਪ ਤੇ ਮੋਬਾਈਲ ਫੋਨ ਲੁੱਟ ਲਿਆ ਤੇ ਫਰਾਰ ਹੋ ਗਏ।
ਇਸ ਸਬੰਧੀ ਸ਼ਨਿਚਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ’ਚ ਜਗਰਾਓਂ ਦੇ ਡੀਐੱਸਪੀ (ਡੀ) ਸਾਗਰ ਬਨਾਲ ਦੀ ਜ਼ੇਰੇ ਨਿਗਰਾਨੀ ਹੇਠ ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ, ਸੀਆਈਏ ਸਟਾਫ਼ ਦੇ ਮੁਖੀ ਇਸੰਪੈਕਟਰ ਅੰਮ੍ਰਿਤਪਾਲ ਸਿੰਘ ਤੇ ਟੈਕਨੀਕਲ ਸੈਲ ਦੀ ਟੀਮ ਨੇ ਜਾਂਚ ਕਰਦਿਆਂ ਲੁੱਟਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਗੁਰਬਿੰਦਰ ਸਿੰਘ ਵਾਸੀ ਧਮੋਟ ਕਲਾਂ, ਸ਼ੁਭਮ ਪੁੱਤਰ ਰਣਜੀਤ ਕੁਮਾਰ ਵਾਸੀ ਸ਼ਿਵਾਜੀ ਨਗਰ ਲੁਧਿਆਣਾ ਤੇ ਨੇਹਾ ਪੁੱਤਰੀ ਜਰਨੈਲ ਸਿੰਘ ਵਾਸੀ ਧਮੋਟ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਲੁੱਟ ਸਮੇਂ ਵਰਤਿਆ ਸੀਓ-2 ਗਲੋਕ ਖਿਡੌਣਾ ਪਿਸਟਲ, ਇੱਕ 30 ਬੋਰ ਦਾ ਅਸਲੀ ਪਿਸਟਲ, ਬਰੀਜਾ ਕਾਰ, ਕਲੀਨਿਕ ਤੋਂ ਲੁੱਟਿਆ ਲੈਪਟੌਪ, 4 ਮੋਬਾਈਲ ਬਰਾਮਦ ਕੀਤੇ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਨ੍ਹਾਂ ਦਾ ਇੱਕ ਹੋਰ ਚੌਥਾ ਸਾਥੀ ਕਰਨਬੀਰ ਸਿੰਘ ਜੋ ਕਿ ਗ੍ਰਿਫ਼ਤਾਰ ਗੁਰਜੋਤ ਦਾ ਭਰਾ ਹੈ, ਫਰਾਰ ਹੈ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਅਕਾਲਗੜ੍ਹ ’ਚ ਏਟੀਐੱਮ ਲੁੱਟਣ ਦੀ ਵੀ ਕੀਤੀ ਕੋਸ਼ਿਸ਼
ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਅੱਜ ਗ੍ਰਿਫ਼ਤਾਰ ਕੀਤੇ ਲੁਟੇਰਾ ਗਿਰੋਹ ਨੇ ਜਗਰਾਓਂ ’ਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਪਿੰਡ ਅਕਾਲਗੜ੍ਹ ਦੇ ਗਾਰਡ ਰੂਮ ਨੇੜੇ ਲੱਗੇ ਆਈਸੀਆਈ ਬੈਂਕ ਦੇ ਏਟੀਐੱਮ ਦੀ ਮਸ਼ੀਨ ਤੋੜ ਕੇ ਵੀ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਇਹ ਅਸਫਲ ਰਹੇ।