19 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ, ਚਰਸ ਤੇ ਨਸ਼ੀਲੀਆਂ ਗੋਲੀਆਂ ਬਰਾਮਦ
ਸ਼ਹਿਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ
Publish Date: Sun, 29 Mar 2026 07:10 PM (IST)
Updated Date: Mon, 30 Mar 2026 04:09 AM (IST)

ਸ਼ਹਿਰ ’ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ’ਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਵੱਡੀ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਇਲਾਕਿਆਂ ’ਚ ਇਕੱਠੇ ਛਾਪੇਮਾਰੀ ਕਰ ਕੇ 19 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਕੁੱਲ 103 ਗ੍ਰਾਮ ਹੈਰੋਇਨ, 55 ਗ੍ਰਾਮ ਚਰਸ ਤੇ 130 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਖ਼ਿਲਾਫ਼ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਸ਼ੇ ਦੇ ਪੂਰੇ ਨੈੱਟਵਰਕ ਨੂੰ ਖੰਗਾਲਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਥਾਣਾ ਦਰੇਸੀ ਦੀ ਪੁਲਿਸ ਨੇ ਵੰਸ਼ ਠਾਕੁਰ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਡਵੀਜ਼ਨ-2 ਦੀ ਟੀਮ ਨੇ ਰਾਜ ਕੁਮਾਰ ਨੂੰ 30 ਨਸ਼ੇ ਵਾਲੀਆਂ ਗੋਲੀਆਂ ਨਾਲ ਕਾਬੂ ਕੀਤਾ। ਥਾਣਾ ਡਵੀਜ਼ਨ-4 ਦੀ ਪੁਲਿਸ ਨੇ ਵਿਕਾਸ ਕੁਮਾਰ ਨੂੰ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਥਾਣਾ ਸਦਰ ਦੀ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਨਸ਼ਾ ਵੇਚਣ ਦੇ ਸ਼ੱਕ ’ਚ ਕਾਬੂ ਕੀਤਾ, ਜਦਕਿ ਗੋਪੀ ਨੂੰ ਨਸ਼ਾ ਕਰਦੇ ਹੋਏ ਦਬੋਚਿਆ ਗਿਆ। ਇਸੇ ਤਰ੍ਹਾਂ ਥਾਣਾ ਡਾਬਾ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ 3 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ, ਜਦਕਿ ਥਾਣਾ ਡਵੀਜ਼ਨ-6 ਨੇ ਇੱਕ ਹੋਰ ਗੁਰਪ੍ਰੀਤ ਸਿੰਘ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਗੋਰਾ ਨਾਮਕ ਵਿਅਕਤੀ ਨੂੰ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ। ਥਾਣਾ ਲਾਡੋਵਾਲ ਦੀ ਟੀਮ ਨੇ ਮਨਜੀਤ ਕੌਰ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਡਵੀਜ਼ਨ-5 ਦੀ ਪੁਲਿਸ ਨੇ ਪਰਮਿੰਦਰ ਸਿੰਘ ਨੂੰ 7 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ। ਥਾਣਾ ਡਵੀਜ਼ਨ-8 ਦੀ ਟੀਮ ਨੇ ਜਸਪਾਲ ਸਿੰਘ ਨੂੰ 55 ਗ੍ਰਾਮ ਚਰਸ ਤੇ ਗੁਰਵਿੰਦਰ ਸਿੰਘ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਰਮੇਸ਼ ਕੁਮਾਰ ਨੂੰ 2 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਥਾਣਾ ਕੂਮਕਲਾਂ ਤੇ ਫੋਕਲ ਪੌਇੰਟ ਦੀ ਪੁਲਿਸ ਨੇ ਕ੍ਰਮਵਾਰ ਨਿਸ਼ਾਨ ਸਿੰਘ ਤੇ ਸੋਨੂ ਕੁਮਾਰ ਨੂੰ 50-50 ਨਸ਼ੇ ਵਾਲੀਆਂ ਗੋਲੀਆਂ ਨਾਲ ਕਾਬੂ ਕੀਤਾ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਆਕਾਸ਼ ਕਾਸ਼ਾ ਨੂੰ 25 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ, ਜਦਕਿ ਥਾਣਾ ਮੇਹਰਬਾਨ ਦੀ ਟੀਮ ਨੇ ਅਵਦੇਸ਼ ਗਿਰੀ ਨੂੰ 3 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ। ਥਾਣਾ ਟਿੱਬਾ ਦੀ ਪੁਲਿਸ ਨੇ ਸੁਸ਼ੀਲ ਕੁਮਾਰ ਨੂੰ 10 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਨਸ਼ਾ ਤਸਕਰੀ ਤੇ ਇਸ ਦੇ ਸਪਲਾਈ ਚੇਨ ਨੂੰ ਤੋੜਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। --