ਵੱਡੀ ਘਟਨਾ : ਰਿਮਾਂਡ 'ਤੇ ਚੱਲ ਰਹੇ ਨਸ਼ਾ ਸਮੱਗਲਿੰਗ ਦੇ ਮੁਲਜ਼ਮ ਨੇ ਪੁਲਿਸ ਚੌਕੀ 'ਚ ਕੀਤੀ ਖ਼ੁਦਕੁਸ਼ੀ
ਲਾਡੋਵਾਲ ਥਾਣੇ ਅਧੀਨ ਪੈਂਦੀ ਹੰਬੜਾ ਚੌਕੀ ਵਿੱਚ ਪੁਲਿਸ ਹਿਰਾਸਤ ਦੌਰਾਨ 10 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ।
Publish Date: Thu, 20 Aug 2026 02:20 PM (IST)
Updated Date: Thu, 20 Aug 2026 02:27 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲਾਡੋਵਾਲ ਥਾਣੇ ਅਧੀਨ ਪੈਂਦੀ ਹੰਬੜਾ ਚੌਕੀ ਵਿੱਚ ਪੁਲਿਸ ਹਿਰਾਸਤ ਦੌਰਾਨ 10 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਬਲਬੀਰ ਸਿੰਘ ਨੂੰ ਦੋ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਵੱਲੋਂ ਉਸ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ।
ਮੁਤਾਬਕ ਪੁਲਿਸ ਨੇ ਬਲਬੀਰ ਸਿੰਘ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਰਿਮਾਂਡ ਦੌਰਾਨ ਪੁਲਿਸ ਨੂੰ ਮਾਮਲੇ ਸਬੰਧੀ ਹੋਰ ਰਿਕਵਰੀ ਕਰਨੀ ਸੀ। ਵੀਰਵਾਰ ਸਵੇਰੇ ਕਰੀਬ 8 ਵਜੇ ਤੱਕ ਬਲਬੀਰ ਸਿੰਘ ਬਿਲਕੁਲ ਠੀਕ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਉਸ ਨੂੰ ਹਵਾਲਾਤ ਵਿੱਚੋਂ ਨਹਾਉਣ ਲਈ ਬਾਹਰ ਲੈ ਕੇ ਜਾਣ ਵਾਸਤੇ ਪਹੁੰਚੇ ਤਾਂ ਉਸ ਨੇ ਗੱਦੇ ਦੀ ਜ਼ਿਪ ਤੋੜ ਕੇ ਉਸ ਵਿੱਚੋਂ ਕੱਪੜੇ ਦੀ ਫੰਦਾ ਬਣਾਇਆ ਅਤੇ ਉਸ ਨਾਲ ਫਾਹਾ ਲਗਾ ਲਿਆ ।
ਪੁਲਿਸ ਨੇ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਸੂਚਨਾ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲੋੜੀਂਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬਲਬੀਰ ਸਿੰਘ ਦੀ ਲਾਸ਼ ਨੂੰ ਫੰਦੇ ਤੋਂ ਉਤਾਰ ਕੇ ਸਿਵਲ ਹਸਪਤਾਲ ਦੀ ਮੋਚਰੀ ਵਿੱਚ ਰਖਵਾ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਵੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਪੋਸਟਮਾਰਟਮ ਤੋਂ ਬਾਅਦ ਸਪੱਸ਼ਟ ਹੋਵੇਗਾ ਮੌਤ ਦਾ ਕਾਰਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਅਤੇ ਹੋਰ ਜਾਂਚ ਤੋਂ ਬਾਅਦ ਹੀ ਹੋਵੇਗੀ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।