ਕਿਸਾਨ ਦੇ ਘਰ ਵੱਡੀ ਵਾਰਦਾਤ: ਬਜ਼ੁਰਗ ਜੋੜੇ ਨੂੰ ਕਮਰੇ ’ਚ ਬੰਦ ਕਰਕੇ ਲੱਖਾਂ ਦੇ ਗਹਿਣੇ ਚੋਰੀ; ਪੁਲਿਸ ਕਰ ਰਹੀ ਹੈ CCTV ਫੁਟੇਜ ਦੀ ਜਾਂਚ
ਇਸ ਤੋਂ ਬਾਅਦ ਚੋਰ ਸਟੋਰ ਰੂਮ ਵਿੱਚ ਰੱਖੇ ਸੰਦੂਕ ਨੂੰ ਫਰੋਲ ਕੇ ਉਸ ਵਿੱਚ ਪਏ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਕਿਸਾਨ ਮੁਤਾਬਕ ਚੋਰੀ ਹੋਏ ਗਹਿਣਿਆਂ ਦੀ ਕੀਮਤ 12 ਲੱਖ ਰੁਪਏ ਤੋਂ ਵੱਧ ਹੈ।ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਰਾਤ ਸਮੇਂ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ।
Publish Date: Tue, 25 Aug 2026 01:03 PM (IST)
Updated Date: Tue, 25 Aug 2026 01:06 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕੂੰਮਕਲਾਂ ਦੇ ਪਿੰਡ ਬੋਂਕੜਾ ਵਿੱਚ ਚੋਰਾਂ ਨੇ ਦੇਰ ਰਾਤ ਇਕ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਚੋਰ ਘਰ ਦੇ ਨਾਲ ਲੱਗਦੇ ਸਟੋਰ ਰੂਮ ਦੀ ਜਾਲੀ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਘਰ ਵਿੱਚ ਸੁੱਤੇ ਪਏ ਬਜ਼ੁਰਗ ਕਿਸਾਨ ਨਿਰਮਲ ਸਿੰਘ ਤੇ ਉਸ ਦੀ ਪਤਨੀ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਚੋਰ ਸਟੋਰ ਰੂਮ ਵਿੱਚ ਰੱਖੇ ਸੰਦੂਕ ਨੂੰ ਫਰੋਲ ਕੇ ਉਸ ਵਿੱਚ ਪਏ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਕਿਸਾਨ ਮੁਤਾਬਕ ਚੋਰੀ ਹੋਏ ਗਹਿਣਿਆਂ ਦੀ ਕੀਮਤ 12 ਲੱਖ ਰੁਪਏ ਤੋਂ ਵੱਧ ਹੈ।ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਰਾਤ ਸਮੇਂ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ।
ਇਸ ਦੌਰਾਨ ਚੋਰਾਂ ਨੇ ਘਰ ਦੇ ਨਾਲ ਬਣੇ ਸਟੋਰ ਰੂਮ ਦੀ ਜਾਲੀ ਤੋੜੀ ਅਤੇ ਉਸ ਰਸਤੇ ਘਰ ਅੰਦਰ ਦਾਖ਼ਲ ਹੋ ਗਏ। ਘਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਜ਼ੁਰਗ ਪਤੀ-ਪਤਨੀ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਜੋੜੇ ਨੂੰ ਕਮਰਿਆਂ ਅੰਦਰ ਬੰਦ ਕਰਨ ਤੋਂ ਬਾਅਦ ਚੋਰਾਂ ਨੇ ਬੇਖੌਫ਼ ਹੋ ਕੇ ਸਟੋਰ ਰੂਮ ਦੀ ਤਲਾਸ਼ੀ ਲਈ ਅਤੇ ਉੱਥੇ ਰੱਖੇ ਸੰਦੂਕ ਵਿੱਚੋਂ ਕੀਮਤੀ ਗਹਿਣੇ ਕੱਢ ਲਏ।
ਸਵੇਰੇ ਜਦੋਂ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਦੀ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਉਨ੍ਹਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ। ਸਟੋਰ ਰੂਮ ਸਾਮਾਨ ਖਿੱਲਰਿਆ ਦੇਖ ਦੋਵਾਂ ਦੇ ਹੋਸ਼ ਉੱਡ ਗਏ । ਜਾਂਚ ਕਰਨ ’ਤੇ ਸੰਦੂਕ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਗਾਇਬ ਮਿਲੇ।
ਕਿਸਾਨ ਨੇ ਮਾਮਲੇ ਦੀ ਸੂਚਨਾ ਤੁਰੰਤ ਕੂੰਮ ਕਲਾਂ ਪੁਲਿਸ ਨੂੰ ਦਿੱਤੀ ਗਈ।ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਰ ਦੀ ਜਾਂਚ ਕੀਤੀ। ਪੁਲਿਸ ਵੱਲੋਂ ਵਾਰਦਾਤ ਵਾਲੇ ਘਰ ਅਤੇ ਆਲੇ-ਦੁਆਲੇ ਲੱਗੇ ਨਿਗਰਾਨੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਹੋ ਸਕਦੀ ਹੈ। ਕੈਮਰਿਆਂ ਵਿੱਚ ਘਰ ਵੱਲ ਆਉਂਦੇ-ਜਾਂਦੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਹ ਮਾਮਲਾ ਲੁੱਟ ਦੀ ਬਜਾਏ ਘਰ ਵਿੱਚ ਦਾਖ਼ਲ ਹੋ ਕੇ ਕੀਤੀ ਗਈ ਚੋਰੀ ਦਾ ਹੈ।
ਚੋਰਾਂ ਨੇ ਬਜ਼ੁਰਗ ਪਤੀ-ਪਤਨੀ ਨੂੰ ਕਮਰੇ ਵਿੱਚ ਬੰਦ ਜ਼ਰੂਰ ਕੀਤਾ, ਪਰ ਉਨ੍ਹਾਂ ਤੋਂ ਕੋਈ ਨਕਦੀ ਜਾਂ ਸਮਾਨ ਖੋਹਣ ਦੀ ਗੱਲ ਸਾਹਮਣੇ ਨਹੀਂ ਆਈ। ਚੋਰ ਸਟੋਰ ਰੂਮ ਵਿੱਚੋਂ ਗਹਿਣੇ ਚੋਰੀ ਕਰਕੇ ਫਰਾਰ ਹੋਏ। ਪੁਲਿਸ ਹੁਣ ਕੈਮਰਿਆਂ ਦੀ ਰਿਕਾਰਡਿੰਗ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਜੁਟੀ ਹੋਈ ਹੈ।