ਲੁਧਿਆਣਾ 'ਚ ਵੱਡੀ ਧੋਖਾਧੜੀ : ਨਿਵੇਸ਼ ਦੇ ਨਾਂ ’ਤੇ ਮਹਿਲਾ ਡਾਕਟਰ ਨਾਲ 75 ਲੱਖ ਦੀ ਠੱਗੀ, ਮੁਕੱਦਮਾ ਦਰਜ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਵਰੁਣ ਵਰਮਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਰਕਮ ਸੋਨੇ ਅਤੇ ਚਾਂਦੀ ਦੇ ਕਾਰੋਬਾਰ ਵਿੱਚ ਲਗਵਾ ਕੇ ਭਾਰੀ ਮੁਨਾਫ਼ਾ ਦਿਵਾਏਗਾ। ਮੁਨਾਫ਼ੇ ਦੀ ਉਮੀਦ ਵਿੱਚ ਡਾਕਟਰ ਨੇ ਕੁੱਲ 75 ਲੱਖ ਰੁਪਏ ਕਾਰੋਬਾਰ ਵਿੱਚ ਨਿਵੇਸ਼ ਕਰਨ ਲਈ ਦੇ ਦਿੱਤੇ।
Publish Date: Thu, 08 Oct 2026 11:41 AM (IST)
Updated Date: Thu, 08 Oct 2026 11:47 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਵਿੱਚ ਇੱਕ ਨਾਮਵਰ ਮਹਿਲਾ ਡਾਕਟਰ ਨੂੰ ਸੋਨੇ ਅਤੇ ਚਾਂਦੀ ਦੇ ਕਾਰੋਬਾਰ ਵਿੱਚ ਨਿਵੇਸ਼ ਕਰਵਾ ਕੇ ਭਾਰੀ ਮੁਨਾਫ਼ਾ ਦਿਵਾਉਣ ਦਾ ਝਾਂਸਾ ਦੇ ਕੇ 75 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਡਾਕਟਰ ਦੇ ਗੁਆਂਢ ਵਿੱਚ ਰਹਿਣ ਵਾਲੇ ਵਿਅਕਤੀ ਨੇ ਕਾਰੋਬਾਰ ਵਿੱਚ ਨਿਵੇਸ਼ ਦੇ ਨਾਂ ’ਤੇ ਇਹ ਰਕਮ ਲਈ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਮੁਨਾਫ਼ਾ ਦਿੱਤਾ ਅਤੇ ਨਾ ਹੀ ਮੂਲ ਰਕਮ ਵਾਪਸ ਕੀਤੀ।
ਪੁਲਿਸ ਅਨੁਸਾਰ ਟੈਗੋਰ ਨਗਰ ਦੀ ਵਸਨੀਕ ਡਾਕਟਰ ਮਿਰਲੀ ਰੁਪਿੰਦਰ ਸਿੰਘ ਨੇ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਵਰੁਣ ਵਰਮਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਰਕਮ ਸੋਨੇ ਅਤੇ ਚਾਂਦੀ ਦੇ ਕਾਰੋਬਾਰ ਵਿੱਚ ਲਗਵਾ ਕੇ ਭਾਰੀ ਮੁਨਾਫ਼ਾ ਦਿਵਾਏਗਾ। ਮੁਨਾਫ਼ੇ ਦੀ ਉਮੀਦ ਵਿੱਚ ਡਾਕਟਰ ਨੇ ਕੁੱਲ 75 ਲੱਖ ਰੁਪਏ ਕਾਰੋਬਾਰ ਵਿੱਚ ਨਿਵੇਸ਼ ਕਰਨ ਲਈ ਦੇ ਦਿੱਤੇ।
ਸ਼ਿਕਾਇਤ ਅਨੁਸਾਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਡਾਕਟਰ ਨੂੰ ਨਾ ਕੋਈ ਮੁਨਾਫ਼ਾ ਮਿਲਿਆ ਅਤੇ ਨਾ ਹੀ ਉਸ ਦੀ ਮੂਲ ਰਕਮ ਵਾਪਸ ਕੀਤੀ ਗਈ ਤਾਂ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਡਾਕਟਰ ਮਿਰਲੀ ਰੁਪਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਵਰੁਣ ਵਰਮਾ ਖ਼ਿਲਾਫ਼ ਧੋਖਾਧੜੀ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਮੁਕਦਮੇ ਵਿੱਚ ਵਰੁਣ ਵਰਮਾ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।