ਕੇਂਦਰੀ ਜੇਲ੍ਹ ’ਚ ਨਸ਼ਾ ਸਪਲਾਈ ਦਾ ਵੱਡਾ ਪਰਦਾਫਾਸ਼: ਪੈਸਕੋ ਮੁਲਾਜ਼ਮ ਤੇ ਹਵਾਲਾਤੀ ਕਾਬੂ, 170 ਗ੍ਰਾਮ ਹੈਰੋਇਨ ਬਰਾਮਦ ਪਹਿਲੇ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੈਸਕੋ ਕਰਮਚਾਰੀ ਪ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਜੇਲ੍ਹ ਅੰਦਰ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਮੁਲਾਜ਼ਮ ਦੇ ਕਬਜ਼ੇ ’ਚੋਂ 170 ਗ੍ਰਾਮ ਹੈਰੋਇਨ, 16 ਗ੍ਰਾਮ ਜਰਦਾ ਅਤੇ 12.5 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ।
Publish Date: Thu, 08 Oct 2026 10:59 AM (IST)
Updated Date: Thu, 08 Oct 2026 11:08 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਲੈ ਕੇ ਕੀਤੀ ਗਈ ਚੈਕਿੰਗ ਦੌਰਾਨ ਦੋ ਵੱਖ-ਵੱਖ ਮਾਮਲਿਆਂ ਵਿੱਚ ਪੈਸਕੋ ਮੁਲਾਜ਼ਮਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਡਿਊਟੀ ਕਰ ਰਹੇ ਪੈਸਕੋ ਮੁਲਾਜ਼ਮ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ, ਜਦਕਿ ਦੂਜੇ ਮਾਮਲੇ ਵਿੱਚ ਇੱਕ ਹਵਾਲਾਤੀ ਕੋਲੋਂ ਨਸ਼ੀਲੇ ਕੈਪਸੂਲ ਮਿਲਣ ਤੋਂ ਬਾਅਦ ਉਨ੍ਹਾਂ ਦੀ ਸਪਲਾਈ ਨਾਲ ਪੈਸਕੋ ਮੁਲਾਜ਼ਮ ਦਾ ਨਾਮ ਸਾਹਮਣੇ ਆਇਆ।
ਦੋਵਾਂ ਮਾਮਲਿਆਂ ਵਿੱਚ ਪੈਸਕੋ ਮੁਲਾਜ਼ਮਾਂ ਦੇ ਨਾਲ
ਹਵਾਲਾਤੀ ਖ਼ਿਲਾਫ਼ ਵੀ ਮੁਕੱਦਮੇ ਦਰਜ ਕਰਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਤਲਾਸ਼ੀ ਲਈ ਤਾਂ ਪੈਸਕੋ ਮੁਲਾਜ਼ਮ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਮਿਲਿਆ ਨਸ਼ਾ
ਪਹਿਲੇ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੈਸਕੋ ਕਰਮਚਾਰੀ ਪ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਜੇਲ੍ਹ ਅੰਦਰ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਮੁਲਾਜ਼ਮ ਦੇ ਕਬਜ਼ੇ ’ਚੋਂ 170 ਗ੍ਰਾਮ ਹੈਰੋਇਨ, 16 ਗ੍ਰਾਮ ਜਰਦਾ ਅਤੇ 12.5 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਮੁੱਢਲੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਪੈਸਕੋ ਕਰਮਚਾਰੀ ਜੇਲ੍ਹ ਅੰਦਰ ਆਪਣੀ ਡਿਊਟੀ ਦੌਰਾਨ ਨਸ਼ੇ ਦੀ ਸਪਲਾਈ ਕਰਦਾ ਸੀ। ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਵਾਲਾਤੀ ਕੋਲੋਂ ਮਿਲੇ 30 ਨਸ਼ੀਲੇ ਕੈਪਸੂਲ, ਪੈਸਕੋ ਮੁਲਾਜ਼ਮ ਦਾ ਨਾਮ ਵੀ ਆਇਆ ਸਾਹਮਣੇ ਦੂਜੇ ਮਾਮਲੇ ਵਿੱਚ ਹੈੱਡ ਵਾਰਡਰ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਗਈ। ਜੇਲ੍ਹ ਅੰਦਰ ਚੈਕਿੰਗ ਦੌਰਾਨ
ਹਵਾਲਾਤੀ ਮਨਦੀਪ ਸਿੰਘ ਕੋਲੋਂ 30 ਲਾਲ ਰੰਗ ਦੇ ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਕੈਪਸੂਲ ਉਸ ਨੂੰ
ਹਵਾਲਾਤੀ ਟੁੰਨਾ ਕੁਮਾਰ ਵੱਲੋਂ ਲਿਆ ਕੇ ਦਿੱਤੇ ਗਏ ਸਨ।
ਮਾਮਲੇ ਦੀ ਜਾਂਚ ਦੌਰਾਨ ਪੈਸਕੋ ਕਰਮਚਾਰੀ ਮੁਹੰਮਦ ਅਰਬਾਜ਼ ਦਾ ਨਾਮ ਵੀ ਸਾਹਮਣੇ ਆਇਆ। ਪੁਲਿਸ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ, ਟੁੰਨਾ ਕੁਮਾਰ, ਕੈਦੀ ਸਿਮਰੋਨ ਸਿੰਘ, ਬੰਦੀ ਸੁਰਜੀਤ ਕੁਮਾਰ ਅਤੇ ਪੈਸਕੋ ਕਰਮਚਾਰੀ ਮੁਹੰਮਦ ਅਰਬਾਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜੇਲ੍ਹ ਅੰਦਰ ਨਸ਼ਾ ਪਹੁੰਚਾਉਣ ਵਾਲੀ ਕੜੀ ਦੀ ਜਾਂਚ ਦੋਵਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਪਹੁੰਚ ਅਤੇ ਸਪਲਾਈ ਨਾਲ ਜੁੜੀ ਕੜੀ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਨਸ਼ੀਲੇ ਪਦਾਰਥ ਅੰਦਰ ਕਿਵੇਂ ਪਹੁੰਚੇ ਅਤੇ ਇਸ ਸਪਲਾਈ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।
ਥਾਣਾ ਡਿਵੀਜ਼ਨ ਨੰਬਰ ਸੱਤ ਦੇ ਅਧੀਨ ਆਉਣ ਦੀ ਚੌਂਕੀ ਤਾਜਪੁਰ ਰੋਡ ਦੇ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ ਪੋਸਕੋ ਮੁਲਾਜ਼ਮਾ ਅਤੇ ਹਵਾਲਾਤੀਆਂ ਦੇ ਖ਼ਿਲਾਫ਼ ਵੱਖ-ਵੱਖ ਦੋ ਮੁਕਦਮੇ ਦਰਜ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਅਗਲੀ ਜਾਂਚ ਲਗਾਤਾਰ ਜਾਰੀ ਹੈ।