ਸਿਆਸੀ ਗਲਿਆਰਿਆਂ 'ਚ ਵੱਡਾ ਧਮਾਕਾ: ਨੱਥੋਵਾਲ ਨੇ ਦਿੱਤਾ ਅਸਤੀਫ਼ਾ, ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਪਾਰਟੀ 'ਚ ਹੋਣਗੇ ਸ਼ਾਮਲ
ਆਉਂਦੇ ਕੁਝ ਦਿਨਾਂ ਤਾਈਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਉਨ੍ਹਾਂ ਦੇ ਗ੍ਰਹਿ ਪਿੰਡ ਨੱਥੋਵਾਲ (ਲੁਧਿਆਣਾ) ਵਿਖੇ ਆਉਣਗੇ ਅਤੇ ਸਾਬਕਾ ਡਿਪਟੀ ਡਾਇਰੈਕਟਰ ਨੱਥੋਵਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।
Publish Date: Sat, 24 Oct 2026 02:38 PM (IST)
Updated Date: Sat, 24 Oct 2026 02:46 PM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ। ਪ੍ਰਭਦੀਪ ਸਿੰਘ ਨੱਥੋਵਾਲ, ਜੋ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਬਤੌਰ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਸਨ, ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਵਿਧਾਨ ਸਭਾ ਹਲਕਾ ਰਾਏਕੋਟ (ਲੁਧਿਆਣਾ) ਤੋਂ ਪੰਜਾਬ ਦੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਕੇ ਕੰਮ ਕਰਨਗੇ।
ਆਉਂਦੇ ਕੁਝ ਦਿਨਾਂ ਤਾਈਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਉਨ੍ਹਾਂ ਦੇ ਗ੍ਰਹਿ ਪਿੰਡ ਨੱਥੋਵਾਲ (ਲੁਧਿਆਣਾ) ਵਿਖੇ ਆਉਣਗੇ ਅਤੇ ਸਾਬਕਾ ਡਿਪਟੀ ਡਾਇਰੈਕਟਰ ਨੱਥੋਵਾਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।
ਸਾਬਕਾ ਡਿਪਟੀ ਡਾਇਰੈਕਟਰ ਨੱਥੋਵਾਲ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਅਤੇ ਹੁਣ ਉਹ ਸਿਆਸਤ ਦੇ ਖੇਤਰ ਵਿੱਚ ਆ ਕੇ ਕੰਮ ਕਰਨ ਲਈ ਇੱਛੁਕ ਹਨ।
ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ 2022 ਵਿਚ ਵਿਧਾਨ ਸਭਾ ਦੀ ਚੋਣ ਲੜਨ ਲਈ ਅਤੇ ਫਿਰ 2024 ਦੌਰਾਨ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ,ਮੈਂ ਨਾਂਹ ਕਰ ਦਿੱਤੀ ਸੀ ਜਦਕਿ ਹੁਣ ਮੈਂ 2027 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਸਹਿਮਤੀ ਦੇ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਹੁਕਮਰਾਨ ਪਾਰਟੀ ਵੱਲੋਂ ਵੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੇਸ਼ਕਸ਼ ਕੀਤੀ ਗਈ ਸੀ, ਪਰ ਮੈਂ ਨਾਂਹ ਕਰ ਦਿੱਤੀ।