ਮੈਰਿਜ ਪੈਲੇਸ 'ਚ ਵੱਡੀ ਸੰਨ੍ਹ: 125 ਪੱਖੇ, 50 ਕਿਲੋਵਾਟ ਇਨਵਰਟਰ ਤੇ ਸੋਲਰ ਸਿਸਟਮ ਚੋਰੀ; ਤਿੰਨ ਖ਼ਿਲਾਫ਼ ਕੇਸ ਦਰਜ
ਲੁਧਿਆਣਾ ਦੇ ਪਿੰਡ ਧਾਂਦਰਾ ’ਚ ਸਰਕਾਰੀ ਸਕੀਮ ਅਧੀਨ ਬਣੇ ਪੰਚਾਇਤੀ ਮੈਰਿਜ ਪੈਲੇਸ ’ਚ ਵੱਡੀ ਸੰਨ੍ਹ ਲਾਉਂਦਿਆਂ ਭਾਰੀ ਮਾਤਰਾ ’ਚ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਮੁਲਜ਼ਮਾਂ ਨੇ ਇੰਨੀ ਬੇਖੌਫ਼ੀ ਨਾਲ ਵਾਰਦਾਤ ਨੂੰ ਅੰਜਾਮ ਦੇ ਗਏ ਕਿ ਉਹ 125 ਛੱਤ ਵਾਲੇ ਪੱਖੇ, 50 ਕਿਲੋਵਾਟ ਦਾ ਇਨਵਰਟਰ ਸਿਸਟਮ, ਸੋਲਰ ਸਿਸਟਮ ਦੀਆਂ ਬੈਟਰੀਆਂ ਸਮੇਤ ਗੇਟ, ਖਿੜਕੀਆਂ, ਐਲੂਮੀਨੀਅਮ ਦੇ ਫਰੇਮ ਅਤੇ ਲੋਹੇ ਦੀਆਂ ਕੁਰਸੀਆਂ ਤੱਕ ਉਖਾੜ ਕੇ ਲੈ ਗਏ।
Publish Date: Sun, 26 Jul 2026 12:02 PM (IST)
Updated Date: Sun, 26 Jul 2026 12:07 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਪਿੰਡ ਧਾਂਦਰਾ ’ਚ ਸਰਕਾਰੀ ਸਕੀਮ ਅਧੀਨ ਬਣੇ ਪੰਚਾਇਤੀ ਮੈਰਿਜ ਪੈਲੇਸ ’ਚ ਵੱਡੀ ਸੰਨ੍ਹ ਲਾਉਂਦਿਆਂ ਭਾਰੀ ਮਾਤਰਾ ’ਚ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਮੁਲਜ਼ਮਾਂ ਨੇ ਇੰਨੀ ਬੇਖੌਫ਼ੀ ਨਾਲ ਵਾਰਦਾਤ ਨੂੰ ਅੰਜਾਮ ਦੇ ਗਏ ਕਿ ਉਹ 125 ਛੱਤ ਵਾਲੇ ਪੱਖੇ, 50 ਕਿਲੋਵਾਟ ਦਾ ਇਨਵਰਟਰ ਸਿਸਟਮ, ਸੋਲਰ ਸਿਸਟਮ ਦੀਆਂ ਬੈਟਰੀਆਂ ਸਮੇਤ ਗੇਟ, ਖਿੜਕੀਆਂ, ਐਲੂਮੀਨੀਅਮ ਦੇ ਫਰੇਮ ਅਤੇ ਲੋਹੇ ਦੀਆਂ ਕੁਰਸੀਆਂ ਤੱਕ ਉਖਾੜ ਕੇ ਲੈ ਗਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਧਾਂਦਰਾ ਦੇ ਚੌਕੀਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿਆਮਾ ਪ੍ਰਸਾਦ ਮੁਖਰਜੀ ਸਕੀਮ ਤਹਿਤ ਬਣੇ ਪੰਚਾਇਤੀ ਮੈਰਿਜ ਪੈਲੇਸ ਦੀ ਦੇਖਭਾਲ ਕਰਦਾ ਹੈ। ਬੀਤੇ ਦਿਨ ਜਦੋਂ ਉਹ ਮੈਰਿਜ ਪੈਲੇਸ ਦੀ ਰੂਟੀਨ ਜਾਂਚ ਕਰਨ ਲਈ ਪਹੁੰਚਿਆ ਤਾਂ ਅੰਦਰੋਂ ਵੱਡੀ ਮਾਤਰਾ ’ਚ ਸਾਮਾਨ ਗਾਇਬ ਸੀ।
ਸ਼ਿਕਾਇਤ ਅਨੁਸਾਰ ਮੁਲਜ਼ਮ 125 ਛੱਤ ਵਾਲੇ ਪੱਖੇ, 40 ਟੂਟੀਆਂ, 6 ਸਟੇਡੀਅਮ ਟੂਟੀਆਂ, ਸੋਲਰ ਸਿਸਟਮ ਦੀਆਂ ਬੈਟਰੀਆਂ, 50 ਕਿਲੋਵਾਟ ਦਾ ਇਨਵਰਟਰ ਸਿਸਟਮ, ਸਬਮਰਸਿਬਲ ਪਾਈਪ, 10 ਵੱਡੀਆਂ ਸਰਚ ਲਾਈਟਾਂ, ਐਲੂਮੀਨੀਅਮ ਦੇ ਗੇਟ, ਦਰਵਾਜ਼ੇ ਅਤੇ ਖਿੜਕੀਆਂ, ਦਫ਼ਤਰ ਅਤੇ ਰਸੋਈ ਦੇ ਗੇਟ, ਮੁੱਖ ਹਾਲ ਦਾ ਗੇਟ, 16 ਲੋਹੇ ਦੀਆਂ ਕੁਰਸੀਆਂ ਅਤੇ ਫਾਲਸ ਸੀਲਿੰਗ ਦੀਆਂ 50 ਐਲੂਮੀਨੀਅਮ ਪਲੇਟਾਂ ਤੱਕ ਚੋਰੀ ਕਰਕੇ ਲੈ ਗਏ।
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਸ ਰਾਤ ਨੂੰ ਜਗਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵੀ ਅਤੇ ਵਿਕਰਮਜੀਤ ਉਰਫ਼ ਬੌਬੀ ਨੇ ਮੈਰਿਜ ਪੈਲੇਸ ਦੇ ਗੇਟ ਦਾ ਤਾਲਾ ਤੋੜ ਕੇ ਇਸ ਵੱਡੀ ਚੋਰੀ ਨੂੰ ਅੰਜਾਮ ਦਿੱਤਾ।
ਥਾਣਾ ਸਦਰ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 331(4), 305 ਅਤੇ 3(5) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਚੋਰੀ ਹੋਏ ਸਾਮਾਨ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।