ਮਾਛੀਵਾੜਾ ਪੁਲਿਸ ਨੇ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਕੀਤੇ ਬਰਾਮਦ ਮਾਛੀਵਾੜਾ ਪੁਲਿਸ ਨੇ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਕੀਤੇ ਬਰਾਮਦ
Publish Date: Tue, 25 Aug 2026 09:04 PM (IST)
Updated Date: Tue, 25 Aug 2026 09:06 PM (IST)
ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ’ਤੇ ਘਰੋਂ ਨਿਕਲੇ ਸਨ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਸ੍ਰੀ ਮਾਛੀਵਾੜਾ ਸਾਹਿਬ ਤੋਂ ਲਾਪਤਾ ਹੋਏ ਦੋ ਨੌਜਵਾਨਾਂ ਵਿਦਿਆਰਥੀਆਂ ਅਤੇ ਲੁਧਿਆਣਾ ਤੋਂ ਉਨ੍ਹਾਂ ਦੇ ਇਕ ਦੋਸਤ ਨੂੰ ਖੰਨਾ ਪੁਲਿਸ ਨੇ ਰਾਜਸਥਾਨ ਪੁਲਿਸ ਦੀ ਮਦਦ ਨਾਲ ਸੁਰੱਖਿਅਤ ਬਰਾਮਦ ਕਰ ਲਿਆ ਹੈ। ਨੌਜਵਾਨਾਂ ਦੀ ਪਹਿਚਾਣ ਵਿਦਿਆਰਥੀ ਉਤਕਰਸ਼ ਤੇ ਵਰੁਣ ਕੁਮਾਰ ਵਾਸੀਆਨ ਸ੍ਰੀ ਮਾਛੀਵਾੜਾ ਸਾਹਿਬ ਅਤੇ ਮੋਹਿਤ ਵਾਸੀ ਗਿੱਲ ਰੋਡ ਲੁਧਿਆਣਾ ਵਜੋਂ ਹੋਈ ਹੈ। ਪੁਲਸ ਦੀ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਤਿੰਨੇ ਨੌਜਵਾਨ ਆਪਣੇ ਮਾਪਿਆਂ ਵੱਲੋਂ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਨਿਕਲੇ ਸਨ। ਖੰਨਾ ਦੇ ਐੱਸਐੱਸਪੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ 20 ਅਗਸਤ ਨੂੰ ਵਰੁਣ ਆਪਣੇ ਘਰੋਂ ਕਾਰ ਲੈ ਕੇ ਆਪਣੇ ਦੋਸਤ ਉਤਕਰਸ਼ ਅਤੇ ਮੋਹਿਤ ਕੁਮਾਰ ਨਾਲ ਜੈਪੁਰ, ਰਾਜਸਥਾਨ ਲਈ ਚਲਾ ਗਿਆ ਸੀ। ਤਿੰਨਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਾ ’ਚ ਪੈ ਗਏ। ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਜੀਮੇਲ ਆਈਡੀਜ਼ ਨਾਲ ਜੁੜੇ ਤਕਨੀਕੀ ਸੁਰਾਗਾਂ ਦੀ ਮਦਦ ਨਾਲ ਨੌਜਵਾਨਾਂ ਦੀ ਸਹੀ ਲੋਕੇਸ਼ਨ ਰਾਜਸਥਾਨ ’ਚ ਟਰੇਸ ਕੀਤੀ। ਇਸ ਤੋਂ ਬਾਅਦ ਖੰਨਾ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਸੰਪਰਕ ਕਰਕੇ ਲੋਕੇਸ਼ਨ ਸਾਂਝੀ ਕੀਤੀ। ਰਾਜਸਥਾਨ ਪੁਲਿਸ ਨੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਉਨ੍ਹਾਂ ਦੇ ਰਾਜਸਥਾਨ ਰਹਿੰਦੇ ਦੋਸਤ ਸ਼ਿਖਰ ਦੇ ਘਰੋਂ ਬਰਾਮਦ ਕਰ ਲਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਡੀ.ਆਰ. ਵਿਸ਼ਲੇਸ਼ਣ ਅਤੇ ਆਈ.ਐੱਮ.ਈ.ਆਈ. ਸਰਚ ਸਮੇਤ ਵੱਖ-ਵੱਖ ਤਕਨੀਕੀ ਤਰੀਕਿਆਂ ਰਾਹੀਂ ਪੁਲਿਸ ਨੌਜਵਾਨਾਂ ਤੱਕ ਪਹੁੰਚੀ। ਜਾਂਚ ਦੌਰਾਨ ਆਨਲਾਈਨ ਗੇਮ ਨਾਲ ਜੁੜੀ ਪ੍ਰੋਫਾਈਲ ਅਤੇ ਜੀਮੇਲ ਤੋਂ ਮਿਲੇ ਆਈ.ਐੱਮ.ਈ.ਆਈ. ਨੰਬਰ ਨੇ ਵੀ ਪੁਲਿਸ ਦੀ ਮਦਦ ਕੀਤੀ।