- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਲਈ:10 ਮਿੰਟ ਦੇ ਭਾਰੀ ਮੀਂਹ ਨਾਲ ਲੁਧਿਆਣਾ ਦੀ ਚੰਡੀਗੜ੍ਹ ਰੋਡ ਹੋਈ ਜਲਮਗਨ

-ਸੀਵਰੇਜ ਓਵਰਫਲੋਅ ਹੋਣ ਕਾਰਨ ਸੜਕਾਂ ’ਤੇ ਭਰਿਆ ਪਾਣੀ, ਵਾਹਨ ਚਾਲਕ ਪਰੇਸ਼ਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਪਏ ਕਰੀਬ 10 ਮਿੰਟ ਦੇ ਤੇਜ਼ ਮੀਂਹ ਨੇ ਲੁਧਿਆਣਾ ਦ ਚੰਡੀਗੜ੍ਹ ਰੋਡ ਇਲਾਕੇ ਦੀ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ। ਥੋੜ੍ਹੇ ਸਮੇਂ ਪਏ ਭਾਰੀ ਮੀਂਹ ਤੋਂ ਬਾਅਦ ਹੀ ਚੰਡੀਗੜ੍ਹ ਰੋਡ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਕੁੱਝ ਹੀ ਦੇਰ ਵਿੱਚ ਸੜਕ ਦਾ ਵੱਡਾ ਹਿੱਸਾ ਜਲਮਗਨ ਨਜ਼ਰ ਆਉਣ ਲੱਗਾ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੀਂਹ ਦੌਰਾਨ ਕਈ ਥਾਵਾਂ ’ਤੇ ਸੀਵਰੇਜ ਓਵਰਫਲੋ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ। ਸੜਕ ’ਤੇ ਬਾਰਿਸ਼ ਦੇ ਪਾਣੀ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਵੀ ਇਕੱਠਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪਿਆ। ਪਾਣੀ ਦੀ ਡੂੰਘਾਈ ਵਧਣ ਕਾਰਨ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਆਈਆਂ।
ਸਥਾਨਕ ਲੋਕਾਂ ਮੁਤਾਬਕ ਚੰਡੀਗੜ੍ਹ ਰੋਡ ਇਲਾਕੇ ਵਿੱਚ ਜਲਭਰਾਅ ਦੀ ਸਮੱਸਿਆ ਨਵੀਂ ਨਹੀਂ ਹੈ। ਜਦੋਂ ਵੀ ਥੋੜ੍ਹੇ ਸਮੇਂ ਲਈ ਤੇਜ਼ ਬਾਰਿਸ਼ ਹੁੰਦੀ ਹੈ, ਸੜਕ ’ਤੇ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਪ੍ਰਬੰਧਾਂ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਸਮੱਸਿਆ ਵਧ ਜਾਂਦੀ ਹੈ।
ਪਾਣੀ ਭਰਨ ਕਾਰਨ ਸੜਕ ’ਤੇ ਵਾਹਨਾਂ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਈ। ਕਈ ਦੋਪਹੀਆ ਵਾਹਨ ਚਾਲਕਾਂ ਨੂੰ ਪਾਣੀ ਵਿੱਚੋਂ ਵਾਹਨ ਕੱਢਣ ਵਿੱਚ ਮੁਸ਼ਕਲ ਆਈ, ਜਦਕਿ ਪੈਦਲ ਲੰਘਣ ਵਾਲੇ ਲੋਕ ਵੀ ਗੰਦੇ ਪਾਣੀ ਤੋਂ ਬਚਦੇ ਹੋਏ ਰਸਤਾ ਤੈਅ ਕਰਦੇ ਦਿਖਾਈ ਦਿੱਤੇ। ਸਥਾਨਕ ਵਸਨੀਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਰੋਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੀਵਰੇਜ ਲਾਈਨਾਂ ਅਤੇ ਮੈਨਹੋਲਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕੁੱਝ ਮਿੰਟਾਂ ਦੀ ਬਾਰਿਸ਼ ਤੋਂ ਬਾਅਦ ਸੜਕਾਂ ਜਲਮਗਨ ਨਾ ਹੋਣ। ਲੋਕਾਂ ਨੇ ਕਿਹਾ ਕਿ ਹਰ ਵਾਰ ਆਰਜ਼ੀ ਤੌਰ ’ਤੇ ਪਾਣੀ ਕੱਢਣ ਦੀ ਬਜਾਏ ਜਲਭਰਾਅ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ।