ਨਸ਼ਿਆਂ ਦੇ ਖਿਲਾਫ ਲੁਧਿਆਣਾ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਕੀਤੀ ਕਾਰਵਾਈ
ਨਸ਼ਿਆਂ ਦੇ ਖਿਲਾਫ ਲੁਧਿਆਣਾ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਕੀਤੀ ਕਾਰਵਾਈ
Publish Date: Wed, 25 Feb 2026 06:51 PM (IST)
Updated Date: Wed, 25 Feb 2026 06:55 PM (IST)

ਨਸ਼ੀਲੇ ਪਦਾਰਥਾਂ ਸਮੇਤ ਕਈ ਮੁਲਜ਼ਮ ਗ੍ਰਿਫਤਾਰ ਨਸ਼ਾ ਕਰ ਰਹੇ ਨੌਜਵਾਨ ਵੀ ਕੀਤੇ ਕਾਬੂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਨਸ਼ਿਆਂ ਦੀ ਤਸਕਰੀ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਦਬਿਸ਼ ਦੇ ਕੇ ਕਈ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਔਰਤ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਹਿਰਾਸਤ ਵਿੱਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਦੀ ਪਛਾਣ ਪਿੰਡ ਆਲਮਗੀਰ ਦੀ ਰਹਿਣ ਵਾਲੀ ਰਾਜ ਕੌਰ ਉਰਫ ਗੁੱਡੀ ਵਜੋਂ ਹੋਈ ਹੈ। ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਆਲਮਗੀਰ ਮੌਜੂਦ ਸੀ ਇਸੇ ਦੌਰਾਨ ਰਾਜ ਕੌਰ ਉਰਫ ਗੁੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦ ਕਾਨੂੰਨਾਂ ਅਨੁਸਾਰ ਉਸਦੀ ਤਲਾਸ਼ੀ ਲਈ ਤਾਂ ਮਹਿਲਾ ਦੇ ਕਬਜ਼ੇ ’ਚੋਂ 30 ਨਸ਼ੀਲੀਆਂ ਗੋਲੀਆਂ ਮਿਲੀਆਂ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਟਿੱਬਾ ਰੋਡ ਦੇ ਰਹਿਣ ਵਾਲੇ ਰਾਹੁਲ ਨੂੰ ਸੰਤਰੀ ਰੰਗ ਦੀਆਂ 58 ਨੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਖਬਰ ਖ਼ਾਸ ਦੀ ਇਤਲਾਹ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਨਜੀਤ ਨਗਰ ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ ਉਰਫ ਜੋਨੀ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਲੱਕੜ ਪੁੱਲ ਰੇਲਵੇ ਲਾਈਨਾਂ ਦੇ ਕੋਲ ਪਹੁੰਚੀ। ਪੁਲਿਸ ਨੇ ਦੇਖਿਆ ਕਿ ਕਮਲਪ੍ਰੀਤ ਸਿੰਘ ਲਾਈਨਾਂ ਦੇ ਲਾਗੇ ਬੈਠ ਕੇ ਨਸ਼ਾ ਕਰ ਰਿਹਾ ਸੀ। ਪੁਲਿਸ ਪਾਰਟੀ ਨੇ ਮੁਲਜ਼ਮ ਦੇ ਕਬਜ਼ੇ ਚੋਂ ਇੱਕ ਲਾਈਟਰ ਸਿਲਵਰ ਪੰਨੀ ਅਤੇ ਖਾਲੀ ਲਿਫਾਫਾ ਬਰਾਮਦ ਕੀਤਾ। ਥਾਣਾ ਜੋਧੇਵਾਲ ਬਸਤੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਕਾਕੋਵਾਲ ਵਿੱਚ ਦਬਿਸ਼ ਦੇ ਕੇ ਉੱਤਮ ਕਲੋਨੀ ਮਿਹਰਬਾਨ ਦੇ ਰਹਿਣ ਵਾਲੇ ਕ੍ਰਿਸ਼ਨਾ ਨਾਥ ਨੂੰ ਨਸ਼ਾ ਕਰਦੇ ਸਮੇਂ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮ ਦੇ ਕੋਲੋਂ ਇੱਕ ਲਾਈਟਰ ਸਿਲਵਰ ਪੰਨੀ ਅਤੇ 10ਰੁਪਏ ਦਾ ਨੋਟ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਮਨਿੰਦਰ ਸਿੰਘ ਉਰਫ ਮਨੀ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਹਰਚਰਨ ਨਗਰ ਦੀ ਕ੍ਰਿਕਟ ਪਾਰਕ ਦੇ ਲਾਗੇ ਬੈਠ ਕੇ ਨਸ਼ਾ ਕਰ ਰਿਹਾ ਸੀ। ਥਾਣਾ ਡਾਬਾ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਲੁਹਾਰਾ ਦੀ ਸਬਜ਼ੀ ਮੰਡੀ ਦੇ ਪਿਛਲੇ ਪਾਸੇ ਦਬਿਸ਼ ਦੇ ਕੇ ਬਸੰਤ ਨਗਰ ਡਾਬਾ ਦੇ ਵਾਸੀ ਰਾਜੂ ਵਰਮਾ ਉਰਫ ਲੋਨਾ ਉਰਫ ਝੋਨਾ ਨੂੰ ਨਸ਼ਾ ਕਰਦੇ ਸਮੇਂ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।