ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਦੇ ਜ਼ੋਰ 'ਤੇ ਅਗਵਾ ਕਰਕੇ ਲੱਖਾਂ ਦੀ ਫਿਰੌਤੀ ਮੰਗਣ ਵਾਲੇ 4 ਮੁਲਜ਼ਮ ਨਾਮਜ਼ਦ ਸ਼ਹਿਰ 'ਚ ਹਥਿਆਰਾਂ ਦੇ ਜ਼ੋਰ 'ਤੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਗੰਭੀਰ ਦੋਸ਼ਾਂ ਹੇਠ ਥਾਣਾ ਸਰਾਭਾ ਨਗਰ ਪੁਲਿਸ ਨੇ ਚੰਡੀਗੜ੍ਹ ਅਤੇ ਦਿੱਲੀ ਨਾਲ ਸਬੰਧਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਬੋਹਰ ਦੇ ਵਾਸੀ ਵਿਕਰਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਰੌਣਕ ਸਿੰਘ, ਪ੍ਰੇਰਣਾ ਜੰਮਵਾਲ, ਸ਼ਿਵ ਕ੍ਰਿਸ਼ਨ ਸਹਿਗਲ ਅਤੇ ਦਿਵਿਆ ਸਿੰਘ ਜੰਮਵਾਲ ਨੇ ਆਪਸੀ ਸਾਜ਼ਿਸ਼ ਤਹਿਤ ਉਸ ਨੂੰ ਵਟਸਐਪ ਕਾਲਾਂ ਰਾਹੀਂ ਸੰਪਰਕ
Publish Date: Sat, 18 Jul 2026 01:08 PM (IST)
Updated Date: Sat, 18 Jul 2026 01:13 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸ਼ਹਿਰ 'ਚ ਹਥਿਆਰਾਂ ਦੇ ਜ਼ੋਰ 'ਤੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਗੰਭੀਰ ਦੋਸ਼ਾਂ ਹੇਠ ਥਾਣਾ ਸਰਾਭਾ ਨਗਰ ਪੁਲਿਸ ਨੇ ਚੰਡੀਗੜ੍ਹ ਅਤੇ ਦਿੱਲੀ ਨਾਲ ਸਬੰਧਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਬੋਹਰ ਦੇ ਵਾਸੀ ਵਿਕਰਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਰੌਣਕ ਸਿੰਘ, ਪ੍ਰੇਰਣਾ ਜੰਮਵਾਲ, ਸ਼ਿਵ ਕ੍ਰਿਸ਼ਨ ਸਹਿਗਲ ਅਤੇ ਦਿਵਿਆ ਸਿੰਘ ਜੰਮਵਾਲ ਨੇ ਆਪਸੀ ਸਾਜ਼ਿਸ਼ ਤਹਿਤ ਉਸ ਨੂੰ ਵਟਸਐਪ ਕਾਲਾਂ ਰਾਹੀਂ ਸੰਪਰਕ ਕਰਕੇ ਹੰਬੜਾ ਰੋਡ ਨੇੜੇ ਨਹਿਰ ਕੋਲ ਆਉਣ ਲਈ ਕਿਹਾ।
ਸ਼ਿਕਾਇਤਕਰਤਾ ਅਨੁਸਾਰ, ਜਦੋਂ ਉਹ ਆਪਣੀ ਇਨੋਵਾ ਗੱਡੀ 'ਚ ਆਪਣੇ ਡਰਾਈਵਰ ਸਮੇਤ ਹੰਬੜਾ ਰੋਡ ਵੱਲ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਯੋਜਨਾਬੱਧ ਢੰਗ ਨਾਲ ਆਪਣੀ ਗੱਡੀ ਉਸ ਦੀ ਗੱਡੀ ਅੱਗੇ ਲਾ ਕੇ ਰੋਕ ਲਈ। ਇਸ ਤੋਂ ਬਾਅਦ ਉਸ ਨੂੰ ਜਬਰਦਸਤੀ ਗੱਡੀ 'ਚੋਂ ਹੇਠਾਂ ਉਤਾਰ ਕੇ ਬੰਧਕ ਬਣਾ ਲਿਆ ਗਿਆ। ਸ਼ਿਕਾਇਤ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਦੋਸ਼ੀਆਂ ਕੋਲ ਪਿਸਤੌਲ, ਰਿਵਾਲਵਰ ਅਤੇ ਰਾਈਫਲ ਵਰਗੇ ਹਥਿਆਰ ਸਨ। ਹਥਿਆਰਾਂ ਦੇ ਬਲ 'ਤੇ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਪਹਿਲਾਂ ਦਰਜ ਕਰਵਾਏ ਕੇਸ ਵਾਪਸ ਲੈਣ ਲਈ ਦਬਾਅ ਬਣਾਇਆ ਅਤੇ ਨਾਲ ਹੀ 20 ਲੱਖ ਰੁਪਏ ਦੀ ਮੰਗ ਕੀਤੀ। ਦੋਸ਼ੀਆਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ।
ਥਾਣਾ ਸਰਾਭਾ ਨਗਰ ਪੁਲਿਸ ਨੇ ਵਿਕਰਮ ਸਿੰਘ ਦੀ ਸ਼ਿਕਾਇਤ ਅਤੇ ਜਾਂਚ ਤੋਂ ਬਾਅਦ ਰੌਣਕ ਸਿੰਘ, ਪ੍ਰੇਰਣਾ ਜੰਮਵਾਲ, ਸ਼ਿਵ ਕ੍ਰਿਸ਼ਨ ਸਹਿਗਲ ਅਤੇ ਦਿਵਿਆ ਸਿੰਘ ਜੰਮਵਾਲ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 126(2), 127(2), 308(4), 351(3), 61(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਸਬ-ਇੰਸਪੈਕਟਰ ਅਜੀਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।