- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿੱਚ ਲੱਗੀ ਪਟਾਕਾ ਮੰਡੀ ਚ ਸੋਮਵਾਰ ਦੇਰ ਸ਼ਾਮ ਉਸ ਸਮੇਂ ਜੰਗ ਦਾ ਮੈਦਾਨ ਬਣ ਗਈ, ਜਦੋਂ ਇੱਕ ਦੁਕਾਨਦਾਰ ਅਤੇ ਠੇਕੇਦਾਰ ਵਿਚਕਾਰ ਹੋਈ ਮਾਮੂਲੀ ਬਹਿਸਬਾਜ਼ੀ ਨੇ ਹਿੰਸਕ ਰੂਪ ਧਾਰਨ ਕਰ ਲਿਆ।

ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ : ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿੱਚ ਲੱਗੀ ਪਟਾਕਾ ਮੰਡੀ ਚ ਸੋਮਵਾਰ ਦੇਰ ਸ਼ਾਮ ਉਸ ਸਮੇਂ ਜੰਗ ਦਾ ਮੈਦਾਨ ਬਣ ਗਈ, ਜਦੋਂ ਇੱਕ ਦੁਕਾਨਦਾਰ ਅਤੇ ਠੇਕੇਦਾਰ ਵਿਚਕਾਰ ਹੋਈ ਮਾਮੂਲੀ ਬਹਿਸਬਾਜ਼ੀ ਨੇ ਹਿੰਸਕ ਰੂਪ ਧਾਰਨ ਕਰ ਲਿਆ। ਦੋਵਾਂ ਧਿਰਾਂ ਵਿਚਕਾਰ ਹੋਈ ਤਕਰਾਰ ਇੰਨੀ ਵਧ ਗਈ ਕਿ ਕਥਿਤ ਤੌਰ ’ਤੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਵੱਲੋਂ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ। ਇਸ ਹਮਲੇ ਵਿੱਚ ਦੁਕਾਨਦਾਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਮੰਡੀ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਝਗੜੇ ਦੌਰਾਨ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਗੋਲ਼ੀ ਚੱਲਣ ਦੀ ਇਸ ਚਰਚਾ ਦੀ ਅਜੇ ਤੱਕ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਘਟਨਾ ਤੋਂ ਬਾਅਦ ਪਟਾਕਾ ਮੰਡੀ ਵਿੱਚ ਮੌਜੂਦ ਦੁਕਾਨਦਾਰਾਂ ਅਤੇ ਹੋਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਥਾਣਾ ਮੁਖੀ ਨੇ ਗੋਲ਼ੀ ਚੱਲਣ ਦੀ ਗੱਲ ਨਕਾਰੀ
ਦੂਜੇ ਪਾਸੇ, ਇਸ ਮਾਮਲੇ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਥਾਣਾ ਸਲੇਮ ਟਾਬਰੀ ਦੇ ਮੁਖੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਮਾਮੂਲੀ ਲੜਾਈ-ਝਗੜੇ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਜੈਪੀ ਨਾਮ ਦੇ ਦੁਕਾਨਦਾਰ ਦੇ ਸੱਟਾਂ ਲੱਗਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਮੁਤਾਬਕ ਦੁਕਾਨਦਾਰ ਦਾ ਇੱਕ ਲੇਬਰ ਨਾਲ ਝਗੜਾ ਹੋਇਆ ਸੀ। ਥਾਣਾ ਮੁਖੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਗੋਲ਼ੀ ਚੱਲਣ ਸਬੰਧੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਅਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ਦੌਰਾਨ ਝਗੜੇ ਦੇ ਅਸਲ ਕਾਰਨਾਂ ਅਤੇ ਗੋਲੀਆਂ ਚੱਲਣ ਦੀ ਚਰਚਾ ਸਬੰਧੀ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਜ਼ਖਮੀ ਦੁਕਾਨਦਾਰ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।