- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਲਈ ਠੱਗ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਸਾਈਬਰ ਠੱਗ ਨੇ ਪਹਿਲਾਂ ਪੈਸੇ ਭੇਜਣ ਦਾ ਝਾਂਸਾ ਦਿੱਤਾ ਅਤੇ ਫਿਰ ਰਕਮ ਵਾਪਸ ਮੰਗਣ ਲਈ ਯੂਪੀਆਈ ਕਿਊਆਰ ਕੋਡ ਭੇਜ ਦਿੱਤਾ। ਹਾਲਾਂਕਿ, ਸਮੇਂ ਸਿਰ ਸ਼ੱਕ ਹੋਣ ਕਾਰਨ ਉਸ ਦੀ ਕਥਿਤ ਠੱਗੀ ਦੀ ਕੋਸ਼ਿਸ਼ ਨਾਕਾਮ ਰਹੀ।

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਲਈ ਠੱਗ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਸਾਈਬਰ ਠੱਗ ਨੇ ਪਹਿਲਾਂ ਪੈਸੇ ਭੇਜਣ ਦਾ ਝਾਂਸਾ ਦਿੱਤਾ ਅਤੇ ਫਿਰ ਰਕਮ ਵਾਪਸ ਮੰਗਣ ਲਈ ਯੂਪੀਆਈ ਕਿਊਆਰ ਕੋਡ ਭੇਜ ਦਿੱਤਾ। ਹਾਲਾਂਕਿ, ਸਮੇਂ ਸਿਰ ਸ਼ੱਕ ਹੋਣ ਕਾਰਨ ਉਸ ਦੀ ਕਥਿਤ ਠੱਗੀ ਦੀ ਕੋਸ਼ਿਸ਼ ਨਾਕਾਮ ਰਹੀ।
ਜਾਣਕਾਰੀ ਅਨੁਸਾਰ, ਇੱਕ ਅਣਜਾਣ ਵਿਅਕਤੀ ਨੇ ਮੋਬਾਈਲ ਨੰਬਰ 8980544457 ਤੋਂ ਸਰਬਜੀਤ ਸਿੰਘ ਨੂੰ ਫੋਨ ਕੀਤਾ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਗੂਗਲ ਪੇਅ ਰਾਹੀਂ ਉਸ ਦੇ ਖਾਤੇ ਵਿੱਚ 12 ਹਜ਼ਾਰ ਰੁਪਏ ਭੇਜ ਰਿਹਾ ਹੈ। ਗੱਲਬਾਤ ਦੌਰਾਨ ਉਸ ਨੇ ਪਹਿਲਾਂ 10 ਰੁਪਏ ਭੇਜਣ ਦੀ ਗੱਲ ਕਹੀ, ਜਿਸ ਤੋਂ ਬਾਅਦ 10 ਰੁਪਏ ਦਾ ਮੈਸੇਜ ਆਇਆ। ਇਸ ਤੋਂ ਬਾਅਦ ਉਸ ਨੇ 10 ਹਜ਼ਾਰ ਰੁਪਏ ਭੇਜਣ ਦਾ ਦਾਅਵਾ ਕਰਦਿਆਂ ਮੈਸੇਜ ਚੈੱਕ ਕਰਨ ਲਈ ਕਿਹਾ।
20 ਹਜ਼ਾਰ ਰੁਪਏ ਭੇਜਣ ਦਾ ਦਾਅਵਾ ਕਰਕੇ ਮੰਗੇ ਵਾਪਸ
ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ 2 ਹਜ਼ਾਰ ਰੁਪਏ ਹੋਰ ਭੇਜਣ ਦੀ ਗੱਲ ਕਹੀ ਅਤੇ ਫਿਰ ਦਾਅਵਾ ਕੀਤਾ ਕਿ ਗਲਤੀ ਨਾਲ 20 ਹਜ਼ਾਰ ਰੁਪਏ ਭੇਜੇ ਗਏ ਹਨ। ਉਸ ਨੇ ਕਿਹਾ ਕਿ ਵਾਧੂ ਰਕਮ ਵਾਪਸ ਕਰ ਦਿੱਤੀ ਜਾਵੇ। ਇਸ ਮਕਸਦ ਲਈ ਉਸ ਨੇ ਆਪਣਾ ਯੂਪੀਆਈ ਕਿਊਆਰ ਕੋਡ ਵੀ ਭੇਜ ਦਿੱਤਾ ਅਤੇ 2 ਹਜ਼ਾਰ ਰੁਪਏ ਵਾਪਸ ਭੇਜਣ ਲਈ ਕਿਹਾ।
ਪਰ ਸਰਬਜੀਤ ਸਿੰਘ ਨੂੰ ਇਸ ਪੂਰੀ ਗੱਲਬਾਤ ਦੌਰਾਨ ਸ਼ੱਕ ਹੋ ਗਿਆ। ਉਸ ਨੇ ਫੋਨ ਕਰਨ ਵਾਲੇ ਨੂੰ ਗੱਲਾਂ ਵਿੱਚ ਲਗਾ ਕੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਖਾਤੇ ਵਿੱਚ ਕੋਈ ਵੀ ਰਕਮ ਜਮ੍ਹਾਂ ਨਹੀਂ ਹੋਈ ਸੀ। ਇਸ ਤੋਂ ਬਾਅਦ ਪੈਸੇ ਭੇਜਣ ਦੇ ਨਾਂ ’ਤੇ ਵਾਪਸੀ ਦੀ ਰਕਮ ਹਾਸਲ ਕਰਨ ਦੀ ਕਥਿਤ ਠੱਗੀ ਦਾ ਭੇਤ ਖੁੱਲ੍ਹ ਗਿਆ।
ਸੀਨੀਅਰ ਪੁਲਿਸ ਅਧਿਕਾਰੀ ਨੂੰ ਦਿੱਤੀ ਸੂਚਨਾ
ਸਰਬਜੀਤ ਸਿੰਘ ਨੇ ਇਸ ਮਾਮਲੇ ਦੀ ਸੂਚਨਾ ਲੁਧਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੂੰ ਦਿੱਤੀ। ਉਨ੍ਹਾਂ ਨੇ ਸਲਾਹ ਦਿੱਤੀ ਕਿ ਜਦੋਂ ਖਾਤੇ ਵਿੱਚ ਕੋਈ ਪੈਸਾ ਆਇਆ ਹੀ ਨਹੀਂ ਤਾਂ ਵਾਪਸ ਭੇਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫੋਨ ਕਰਨ ਵਾਲੇ ਨੂੰ ਕਹਿ ਦਿੱਤਾ ਜਾਵੇ ਕਿ ਉਹ ਸਵੇਰੇ ਆ ਕੇ ਆਪਣੇ ਪੈਸੇ ਲੈ ਜਾਵੇ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ
ਇਸ ਘਟਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਈਬਰ ਠੱਗ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਪੈਸੇ ਹੜੱਪਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਪੈਸੇ ਭੇਜਣ ਦੇ ਦਾਅਵੇ ’ਤੇ ਤੁਰੰਤ ਭਰੋਸਾ ਨਾ ਕਰਨ। ਬੈਂਕ ਖਾਤੇ ਵਿੱਚ ਰਕਮ ਜਮ੍ਹਾਂ ਹੋਣ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਪੈਸਾ ਵਾਪਸ ਨਾ ਭੇਜਿਆ ਜਾਵੇ ਅਤੇ ਅਣਜਾਣ ਵਿਅਕਤੀਆਂ ਵੱਲੋਂ ਭੇਜੇ ਕਿਊਆਰ ਕੋਡ ਰਾਹੀਂ ਭੁਗਤਾਨ ਕਰਨ ਤੋਂ ਵੀ ਬਚਿਆ ਜਾਵੇ।