- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਤਮ ਪਾਰਕ ਨੇੜੇ ਐਤਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਕਥਿਤ ਸ਼ੂਟਰਾਂ ਕਰਨਜੋਤ ਸਿੰਘ ਉਰਫ਼ ਨੋਨਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਮੰਗਲਵਾਰ ਨੂੰ ਸਿਵਲ ਹਸਪਤਾਲ ਵਿੱਚ ਤਿੰਨ ਮੈਂਬਰੀ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਆਤਮ ਪਾਰਕ ਨੇੜੇ ਐਤਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਕਥਿਤ ਸ਼ੂਟਰਾਂ ਕਰਨਜੋਤ ਸਿੰਘ ਉਰਫ਼ ਨੋਨਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਮੰਗਲਵਾਰ ਨੂੰ ਸਿਵਲ ਹਸਪਤਾਲ ਵਿੱਚ ਤਿੰਨ ਮੈਂਬਰੀ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਨੌਜਵਾਨਾਂ ਨੂੰ ਗੋਲੀਆਂ ਲੱਗਣ ਕਾਰਣ ਸਰੀਰ ਦੇ ਅਹਿਮ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ।
ਪੋਸਟਮਾਰਟਮ ਰਿਪੋਰਟ ਅਨੁਸਾਰ ਕਰਨਜੋਤ ਸਿੰਘ ਉਰਫ਼ ਨੋਨਾ ਦੇ ਸਰੀਰ ਵਿੱਚ ਨੌਂ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਸੱਤ ਗੋਲੀਆਂ ਸਰੀਰ ਨੂੰ ਵਿੰਨ੍ਹ ਕੇ ਪਾਰ ਹੋ ਗਈਆਂ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਸਰੀਰ ਵਿੱਚ ਦੋ ਗੋਲੀਆਂ ਲੱਗੀਆਂ, ਜੋ ਢਿੱਡ ਨੂੰ ਵਿੰਨ੍ਹਦੀਆਂ ਹੋਈਆਂ ਸਰੀਰ ਦੇ ਅਹਿਮ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣੀਆਂ।
ਦੋਵੇਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਡਾ. ਵਿਸ਼ਾਲ ਅਤੇ ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਫੋਰੈਂਸਿਕ ਮਾਹਿਰ ਨਾ ਹੋਣ ਕਾਰਨ ਇੱਕ ਨਿੱਜੀ ਹਸਪਤਾਲ ਦੇ ਫੋਰੈਂਸਿਕ ਮਾਹਿਰ ਨੂੰ ਵੀ ਮੈਡੀਕਲ ਬੋਰਡ ਵਿੱਚ ਸ਼ਾਮਲ ਕੀਤਾ ਗਿਆ। ਪੋਸਟਮਾਰਟਮ ਦੀ ਪ੍ਰਕਿਰਿਆ ਦੁਪਹਿਰ ਕਰੀਬ 3 ਵਜੇ ਸ਼ੁਰੂ ਹੋਈ ਅਤੇ ਸ਼ਾਮ 6.30 ਵਜੇ ਤੋਂ ਬਾਅਦ ਮੁਕੰਮਲ ਹੋਈ।
ਖੂਨਦਾਨ ਕੈਂਪ ਵਿੱਚ ਕਰਨਾ ਸੀ ਹਮਲਾ
ਪੁਲਿਸ ਮੁਤਾਬਕ ਐਤਵਾਰ ਦੁਪਹਿਰ ਆਤਮ ਪਾਰਕ ਨੇੜੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀਆਂ ਟੀਮਾਂ ਨਾਲ ਹੋਏ ਮੁਕਾਬਲੇ ਵਿੱਚ ਨੋਨਾ ਅਤੇ ਗੋਪੀ ਮਾਰੇ ਗਏ ਸਨ। ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਨੂੰ ਦੁੱਗਰੀ ਰੋਡ ਸਥਿਤ ਇੱਕ ਰਿਜ਼ੋਰਟ ਵਿੱਚ ਸਾਬਕਾ ਸਰਪੰਚ ਰਵੀ ਖਵਾਜਕੇ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ 'ਤੇ ਗੋਲੀਆਂ ਚਲਾਉਣ ਲਈ ਭੇਜਿਆ ਗਿਆ ਸੀ।
ਪੁਲਿਸ ਜਾਂਚ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਸ਼ੂਟਰਾਂ ਨੂੰ ਲੋੜੀਂਦੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਵੱਲੋਂ ਭੇਜਿਆ ਗਿਆ ਸੀ। ਪੁਲਿਸ ਉਸ ਨੂੰ ਬੰਬੀਹਾ ਗਰੋਹ ਨਾਲ ਜੁੜਿਆ ਅਹਿਮ ਕਾਰਕੁਨ ਦੱਸ ਰਹੀ ਹੈ। ਜਾਂਚ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਜੁੜੇ ਰਹੇ ਅਤੇ ਉਸ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।
ਰਵੀ ਖਵਾਜਕੇ ਕਤਲ ਦੀ ਪੁਰਾਣੀ ਰੰਜਿਸ਼ ਨਾਲ ਜੋੜ ਕੇ ਦੇਖ ਰਹੀ ਪੁਲਿਸ
ਸਾਬਕਾ ਕਾਂਗਰਸੀ ਸਰਪੰਚ ਰਵੀ ਖਵਾਜਕੇ ਦੀ ਫਰਵਰੀ 2016 ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਖਵਾਜਕੇ ਦਾ ਨਾਂ ਮੁੜ ਚਰਚਾ ਵਿੱਚ ਆਉਣ ਅਤੇ ਨੌਜਵਾਨਾਂ ਵਿੱਚ ਉਸ ਨਾਲ ਜੁੜੀਆਂ ਗੱਲਾਂ ਸਾਹਮਣੇ ਆਉਣ ਕਾਰਨ ਗੈਂਗ ਨਾਲ ਜੁੜੇ ਲੋਕਾਂ ਵਿੱਚ ਨਾਰਾਜ਼ਗੀ ਹੋ ਸਕਦੀ ਹੈ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਖੂਨਦਾਨ ਕੈਂਪ ਵਿੱਚ ਸ਼ਾਮਲ ਜਾਂ ਉਸ ਨਾਲ ਜੁੜੇ ਕੁਝ ਨੌਜਵਾਨ ਆਗੂ ਕਥਿਤ ਹਮਲਾਵਰਾਂ ਦਾ ਅਸਲ ਨਿਸ਼ਾਨਾ ਤਾਂ ਨਹੀਂ ਸਨ। ਮੁਕਾਬਲੇ ਵਾਲੀ ਥਾਂ ਖੂਨਦਾਨ ਕੈਂਪ ਦੇ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਸੀ।
ਜ਼ਿਗਾਨਾ ਅਤੇ ਗਲਾਕ ਸਮੇਤ ਤਿੰਨ ਆਟੋਮੈਟਿਕ ਪਿਸਤੌਲ ਬਰਾਮਦ
ਪੁਲਿਸ ਵੱਲੋਂ ਦੋਵੇਂ ਕਥਿਤ ਸ਼ੂਟਰਾਂ ਕੋਲੋਂ ਤਿੰਨ ਆਟੋਮੈਟਿਕ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜ਼ਿਗਾਨਾ ਅਤੇ ਗਲਾਕ ਪਿਸਤੌਲ ਵੀ ਸ਼ਾਮਲ ਹਨ। ਹੁਣ ਪੁਲਿਸ ਵੱਲੋਂ ਹਥਿਆਰਾਂ ਦੀ ਜਾਂਚ, ਕਥਿਤ ਹਮਲੇ ਦੇ ਅਸਲ ਨਿਸ਼ਾਨੇ ਅਤੇ ਇਸ ਪਿੱਛੇ ਮੌਜੂਦ ਮਕਸਦ ਨੂੰ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।