- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਪਤੀ ਨਾਲ ਜ਼ਿੰਦਗੀ ਬਿਤਾਉਣ ਦੇ ਸੁਪਨੇ ਲੈ ਕੇ ਲੜਕੀ ਨੇ ਲਵ ਮੈਰਿਜ ਕਰਵਾਈ ਸੀ, ਉਹੀ ਪਤੀ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। ਸਾਹਨੇਵਾਲ ਦੇ ਪਿੰਡ ਪੱਦੀ ਵਿੱਚ ਦਹੇਜ ਦੀ ਹੋਰ ਮੰਗ ਨੂੰ ਲੈ ਕੇ ਪਤੀ ਨੇ ਕਥਿਤ ਤੌਰ ’ਤੇ ਪਹਿਲਾਂ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ’ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਜਿਸ ਪਤੀ ਨਾਲ ਜ਼ਿੰਦਗੀ ਬਿਤਾਉਣ ਦੇ ਸੁਪਨੇ ਲੈ ਕੇ ਲੜਕੀ ਨੇ ਲਵ ਮੈਰਿਜ ਕਰਵਾਈ ਸੀ, ਉਹੀ ਪਤੀ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। ਸਾਹਨੇਵਾਲ ਦੇ ਪਿੰਡ ਪੱਦੀ ਵਿੱਚ ਦਹੇਜ ਦੀ ਹੋਰ ਮੰਗ ਨੂੰ ਲੈ ਕੇ ਪਤੀ ਨੇ ਕਥਿਤ ਤੌਰ ’ਤੇ ਪਹਿਲਾਂ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ’ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ਵਿੱਚ ਘਿਰੀ ਔਰਤ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਂਦਿਆਂ ਤੁਰੰਤ ਹਸਪਤਾਲ ਪਹੁੰਚਾਇਆ।
ਪੀੜਤਾ ਦੀ ਹਾਲਤ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਉੱਧਰ, ਪੁਲਿਸ ਜਦੋਂ ਪੀਜੀਆਈ ਪਹੁੰਚੀ ਤਾਂ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਗਵਾਲੀਅਰ ਲੈ ਕੇ ਜਾ ਚੁੱਕੇ ਸਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਗਵਾਲੀਅਰ ਦੀ ਰਹਿਣ ਵਾਲੀ ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਧੀ ਮੁਸਕਾਨ ਦੀ ਲਵ ਮੈਰਿਜ ਗਵਾਲੀਅਰ ਦੇ ਵਾਸੀ ਅਰਜਨ ਨਾਲ ਹੋਈ ਸੀ। ਵਿਆਹ ਤੋਂ ਬਾਅਦ ਮੁਲਜ਼ਮ ਉਸ ਨੂੰ ਆਪਣੇ ਨਾਲ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਪੈਂਦੇ ਪਿੰਡ ਪੱਦੀ ਲੈ ਆਇਆ ਸੀ।
ਮਾਂ ਮੁਤਾਬਕ ਕੁਝ ਸਮਾਂ ਪਹਿਲੋਂ ਮੁਲਜ਼ਮ ਨੇ ਹੋਰ ਦਹੇਜ ਲਿਆਉਣ ਦੀ ਮੰਗ ਨੂੰ ਲੈ ਕੇ ਮੁਸਕਾਨ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਸ ਨੇ ਕਥਿਤ ਤੌਰ ’ਤੇ ਮੁਸਕਾਨ ’ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ। ਇਸ ਵਾਰਦਾਤ ਵਿੱਚ ਮੁਸਕਾਨ ਬੁਰੀ ਤਰ੍ਹਾਂ ਝੁਲਸ ਗਈ। ਘਟਨਾ ਸਮੇਂ ਮੌਕੇ ’ਤੇ ਮੌਜੂਦ ਇੱਕ ਵਿਅਕਤੀ ਅਤੇ ਇੱਕ ਲੜਕੀ ਨੇ ਮਨੁੱਖਤਾ ਦਿਖਾਉਂਦਿਆਂ ਤੁਰੰਤ ਪੀੜਤਾ ਨੂੰ ਹਸਪਤਾਲ ਪਹੁੰਚਾਇਆ। ਉੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ।
ਜਾਂਚ ਅਧਿਕਾਰੀ ਅਨੁਸਾਰ ਜਦੋਂ ਪੁਲਿਸ ਟੀਮ ਪੀਜੀਆਈ ਪਹੁੰਚੀ ਤਾਂ ਪਰਿਵਾਰਕ ਮੈਂਬਰ ਮੁਸਕਾਨ ਨੂੰ ਇਲਾਜ ਲਈ ਗਵਾਲੀਅਰ ਲੈ ਕੇ ਜਾ ਚੁੱਕੇ ਸਨ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਅਰਜਨ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 118(2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ। ਜਾਂਚ ਤੋਂ ਬਾਅਦ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।