- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਾਨੇ ਅਤੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਪੰਜਾਬ ਦੇ ਸਟੀਲ ਉਦਯੋਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗਪਤੀਆਂ ਦਾ ਦਾਅਵਾ ਹੈ ਕਿ ਰਾਤ ਸਮੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸੂਬੇ ਦੀਆਂ ਸੈਂਕੜੇ ਫਰਨੈਸਾਂ ਅਤੇ ਰੋਲਿੰਗ ਮਿੱਲਾਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਐਲਾਨੇ ਅਤੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਪੰਜਾਬ ਦੇ ਸਟੀਲ ਉਦਯੋਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗਪਤੀਆਂ ਦਾ ਦਾਅਵਾ ਹੈ ਕਿ ਰਾਤ ਸਮੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸੂਬੇ ਦੀਆਂ ਸੈਂਕੜੇ ਫਰਨੈਸਾਂ ਅਤੇ ਰੋਲਿੰਗ ਮਿੱਲਾਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਨਾ ਸਿਰਫ਼ ਉਤਪਾਦਨ ਲਾਗਤ ਵਧ ਰਹੀ ਹੈ, ਸਗੋਂ ਉਤਪਾਦਨ ਵਿੱਚ ਵੀ ਕਮੀ ਆ ਰਹੀ ਹੈ।
ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਪੰਜਾਬ ਦੇ ਸਟੀਲ ਉਦਯੋਗ ਦੇ ਮੁੱਖ ਕੇਂਦਰ ਹਨ। ਉਦਯੋਗਿਕ ਸਰੋਤਾਂ ਅਨੁਸਾਰ ਸੂਬੇ ਵਿੱਚ ਕਰੀਬ 275 ਸਟੀਲ ਰੀ-ਰੋਲਿੰਗ ਮਿੱਲਾਂ ਅਤੇ 180 ਤੋਂ 220 ਇੰਡਕਸ਼ਨ ਫਰਨੈਸਾਂ ਕੰਮ ਕਰ ਰਹੀਆਂ ਹਨ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਇੰਡਕਸ਼ਨ ਫਰਨੈਸ ਜਾਂ ਰੀਹੀਟਿੰਗ ਫਰਨੈਸ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਚਾਲੂ ਕਰਨ ਵਿੱਚ ਇੱਕ ਤੋਂ ਚਾਰ ਘੰਟੇ ਤੱਕ ਦਾ ਸਮਾਂ ਲੱਗਦਾ ਹੈ, ਜਿਸ ਨਾਲ ਬਿਜਲੀ ਅਤੇ ਬਾਲਣ ਦੀ ਵਾਧੂ ਖਪਤ ਹੁੰਦੀ ਹੈ।
ਬਿਜਲੀ ਕੱਟਾਂ ਨਾਲ ਵਧ ਰਿਹੈ ਨੁਕਸਾਨ
ਉਦਯੋਗਪਤੀਆਂ ਅਨੁਸਾਰ ਬਿਜਲੀ ਕੱਟ ਲੱਗਣ ਨਾਲ ਉਤਪਾਦਨ ਰੁਕ ਜਾਂਦਾ ਹੈ, ਪਿਘਲਿਆ ਹੋਇਆ ਸਟੀਲ ਜੰਮ ਸਕਦਾ ਹੈ ਅਤੇ ਗਰਮ ਬਿਲੇਟਾਂ ਨੂੰ ਮੁੜ ਗਰਮ ਕਰਨਾ ਪੈਂਦਾ ਹੈ। ਇਸ ਕਾਰਨ ਸਮੇਂ ਅਤੇ ਲਾਗਤ ਦੋਵਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇ ਪੂਰੇ ਉਦਯੋਗਿਕ ਕਲੱਸਟਰ ਵਿੱਚ ਇੱਕ ਘੰਟੇ ਲਈ ਬਿਜਲੀ ਬੰਦ ਰਹੇ ਤਾਂ ਮੰਡੀ ਗੋਬਿੰਦਗੜ੍ਹ ਵਿੱਚ 20 ਤੋਂ 35 ਕਰੋੜ ਰੁਪਏ ਅਤੇ ਲੁਧਿਆਣਾ ਵਿੱਚ 15 ਤੋਂ 25 ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ।
'ਬੈਂਕ ਦੀਆਂ ਕਿਸ਼ਤਾਂ ਭਰਨੀਆਂ ਵੀ ਔਖੀਆਂ ਹੋਣਗੀਆਂ'
ਫਰਨੈਸ ਉਦਯੋਗਪਤੀ ਅਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਆਈਸੀਯੂ) ਦੇ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਰਾਤ ਸਮੇਂ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਕਾਰਖ਼ਾਨਿਆਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਉਦਯੋਗ ਨਿਰੰਤਰ ਨਾ ਚੱਲੇ ਤਾਂ ਬੈਂਕ ਦੀਆਂ ਕਿਸ਼ਤਾਂ, ਬਿਜਲੀ ਬਿੱਲ ਅਤੇ ਹੋਰ ਖ਼ਰਚੇ ਪੂਰੇ ਕਰਨਾ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਉਦਯੋਗ ਆਰਥਿਕ ਦਬਾਅ ਹੇਠ ਆ ਸਕਦਾ ਹੈ।
ਉਦਯੋਗ ਦੀਆਂ ਮੁੱਖ ਚਿੰਤਾਵਾਂ
ਬਿਜਲੀ ਕੱਟਾਂ ਕਾਰਨ ਉਤਪਾਦਨ ਪ੍ਰਭਾਵਿਤ।
ਫਰਨੈਸਾਂ ਨੂੰ ਮੁੜ ਚਾਲੂ ਕਰਨ ਵਿੱਚ 1 ਤੋਂ 4 ਘੰਟੇ ਦਾ ਸਮਾਂ।
ਰੀਹੀਟਿੰਗ ਕਾਰਨ ਬਿਜਲੀ ਅਤੇ ਬਾਲਣ ਦੀ ਵਾਧੂ ਖਪਤ।
ਬੈਂਕ ਕਿਸ਼ਤਾਂ, ਬਿਜਲੀ ਬਿੱਲ ਅਤੇ ਹੋਰ ਖ਼ਰਚੇ ਪੂਰੇ ਕਰਨ ਦੀ ਚਿੰਤਾ।