- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਤੜਕੇ ਕੁਲੀਏਵਾਲ ਪਿੰਡ ਸਥਿਤ ਰਾਜੂ ਫਾਰਮਜ਼ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਹਥਿਆਰਬੰਦ ਹਮਲਾਵਰਾਂ ਦੇ ਇੱਕ ਗਰੁੱਪ ਨੇ ਫਾਰਮ ਹਾਊਸ ’ਚ ਮੌਜੂਦ ਨੌਜਵਾਨਾਂ ’ਤੇ ਕਥਿਤ ਤੌਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਐਤਵਾਰ ਤੜਕੇ ਕੁਲੀਏਵਾਲ ਪਿੰਡ ਸਥਿਤ ਰਾਜੂ ਫਾਰਮਜ਼ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਹਥਿਆਰਬੰਦ ਹਮਲਾਵਰਾਂ ਦੇ ਇੱਕ ਗਰੁੱਪ ਨੇ ਫਾਰਮ ਹਾਊਸ ’ਚ ਮੌਜੂਦ ਨੌਜਵਾਨਾਂ ’ਤੇ ਕਥਿਤ ਤੌਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ਤੋਂ ਘੱਟੋ-ਘੱਟ 16 ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਹਮਲਾਵਰਾਂ ਵੱਲੋਂ 20 ਤੋਂ ਵੱਧ ਰਾਊਂਡ ਫਾਇਰ ਕਰਨ ਦੇ ਦੋਸ਼ ਲਗਾਏ ਗਏ ਹਨ।
ਜ਼ਖ਼ਮੀਆਂ ਦੀ ਪਛਾਣ ਟਿੱਬਾ ਰੋਡ ਸਥਿਤ ਗੁਰਮੇਲ ਪਾਰਕ ਦੇ ਰਹਿਣ ਵਾਲੇ 32 ਸਾਲਾ ਅੰਕੁਸ਼ ਚੋਪੜਾ ਅਤੇ ਉਸ ਦੇ ਦੋਸਤ ਰਾਜਦੀਪ ਸਿੰਘ ਵਜੋਂ ਹੋਈ ਹੈ। ਅੰਕੁਸ਼ ਦੀ ਖੱਬੀ ਅੱਖ ਦੇ ਉੱਪਰ ਛਰੇ ਲੱਗਣ ਕਾਰਨ ਸੱਟ ਲੱਗੀ, ਜਦਕਿ ਰਾਜਦੀਪ ਦੇ ਮੋਢੇ ’ਚ ਗੋਲੀ ਲੱਗੀ। ਦੋਵਾਂ ਨੂੰ ਪਹਿਲਾਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ’ਚ ਉਨ੍ਹਾਂ ਨੂੰ ਮੁਹਾਲੀ ਦੇ ਇੱਕ ਹੋਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਅੱਖ ਦੀ ਬਹੁਤ ਬੁਰੀ ਹਾਲਤ ਹੈ।
ਨਵਾਂ ਘਰ ਬਣਨ ਦੀ ਖੁਸ਼ੀ ’ਚ ਇਕੱਠੇ ਹੋਏ ਸਨ ਦੋਸਤ
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅੰਕੁਸ਼ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਦੋਸਤ ਵੱਲੋਂ ਨਵਾਂ ਘਰ ਬਣਾਉਣ ਦੀ ਖੁਸ਼ੀ ’ਚ ਉਹ ਆਪਣੇ ਸਾਥੀਆਂ ਸਮੇਤ ਕੁਲੀਏਵਾਲ ਸਥਿਤ ਰਾਜੂ ਫਾਰਮਜ਼ ’ਚ ਇਕੱਠੇ ਹੋਏ ਸਨ। ਇਸ ਦੌਰਾਨ ਅਚਾਨਕ ਬਾਹਰੋਂ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਬਾਹਰ ਜਾ ਕੇ ਦੇਖਿਆ ਤਾਂ ਫਾਰਮ ਹਾਊਸ ਦੀ ਬਾਹਰੀ ਕੰਧ ਦਾ ਇੱਕ ਹਿੱਸਾ ਡਿੱਗਿਆ ਹੋਇਆ ਸੀ।
ਜਦੋਂ ਉਹ ਕੰਧ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਬਾਰੇ ਪਤਾ ਕਰਨ ਲਈ ਬਾਹਰ ਗਏ ਤਾਂ ਉਥੇ ਮੌਜੂਦ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਰਾਜਦੀਪ ਸਿੰਘ ਦੇ ਮੋਢੇ ’ਚ ਗੋਲੀ ਲੱਗ ਗਈ, ਜਦਕਿ ਅੰਕੁਸ਼ ਛਰੇ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਿਆ।
ਜਾਨ ਬਚਾਉਣ ਲਈ ਫਾਰਮ ਹਾਊਸ ਅੰਦਰ ਭੱਜੇ
ਗੋਲੀਆਂ ਦੀ ਆਵਾਜ਼ ਸੁਣ ਕੇ ਫਾਰਮ ਹਾਊਸ ’ਚ ਮੌਜੂਦ ਲੋਕਾਂ ’ਚ ਭਗਦੜ ਮਚ ਗਈ ਅਤੇ ਜ਼ਖ਼ਮੀ ਨੌਜਵਾਨਾਂ ਸਮੇਤ ਬਾਕੀ ਲੋਕ ਜਾਨ ਬਚਾਉਣ ਲਈ ਅੰਦਰ ਭੱਜ ਗਏ। ਸ਼ਿਕਾਇਤ ਮੁਤਾਬਕ ਹਮਲਾਵਰਾਂ ਨੇ ਫਾਰਮ ਹਾਊਸ ਦੇ ਅੰਦਰ ਪਈਆਂ ਚੀਜ਼ਾਂ ਦੀ ਵੀ ਭੰਨਤੋੜ ਕੀਤੀ।
ਇਸੇ ਦੌਰਾਨ ਉਨ੍ਹਾਂ ਦਾ ਦੋਸਤ ਹੱਕੂਦੀਨ ਆਪਣੀ ਮਹਿੰਦਰਾ ਸਕਾਰਪੀਓ ’ਚ ਸਾਮਾਨ ਲੈਣ ਗਿਆ ਹੋਇਆ ਸੀ। ਜਦੋਂ ਉਹ ਵਾਪਸ ਫਾਰਮ ਹਾਊਸ ਪਹੁੰਚਿਆ ਤਾਂ ਹਮਲਾਵਰ ਉਥੋਂ ਫਰਾਰ ਹੋ ਰਹੇ ਸਨ। ਦੋਸ਼ ਹੈ ਕਿ ਹਮਲਾਵਰਾਂ ਵੱਲੋਂ ਉਸ ਦੀ ਗੱਡੀ ’ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਵਾਹਨ ਵੀ ਗੋਲੀਆਂ ਦੀ ਲਪੇਟ ’ਚ ਆ ਗਿਆ।
ਅੰਕੁਸ਼ ਚੋਪੜਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਉਨ੍ਹਾਂ ਦੇ ਉਥੇ ਮੌਜੂਦ ਹੋਣ ’ਤੇ ਇਤਰਾਜ਼ ਕਰਦੇ ਸਨ। ਇਸੇ ਰੰਜਿਸ਼ ਕਾਰਨ ਹਮਲਾ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।
ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਭਾਮੀਆਂ ਕਲਾਂ ਵਾਸੀ ਸੁਖਵਿੰਦਰ ਸਿੰਘ, ਨਿਤੇਸ਼ ਵਿਹਾਰ ਵਾਸੀ ਅਮਰਪ੍ਰੀਤ ਸਿੰਘ, ਜਸਕਰਨ ਸਿੰਘ ਅਤੇ ਗੁਰਜੀਤ ਸਿੰਘ ਸਮੇਤ ਉਨ੍ਹਾਂ ਦੇ 12 ਅਣਪਛਾਤੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ’ਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109, 115(2), 351(2), 324(4), 191(3), 190 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕਾਰਵਾਈ ਕੀਤੀ ਗਈ ਹੈ।
ਥਾਣਾ ਡਿਵੀਜ਼ਨ ਨੰਬਰ-7 ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਹਮਲੇ ਪਿੱਛੇ ਜ਼ਮੀਨੀ ਵਿਵਾਦ ਸਾਹਮਣੇ ਆ ਰਿਹਾ ਹੈ ਅਤੇ ਪੀੜਤਾਂ ਤੇ ਮੁਲਜ਼ਮਾਂ ਵਿਚਕਾਰ ਕਿਸੇ ਨਿੱਜੀ ਰੰਜਿਸ਼ ਦੀ ਜਾਣਕਾਰੀ ਨਹੀਂ ਮਿਲੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹਮਲੇ ਦੇ ਅਸਲ ਕਾਰਨਾਂ ਅਤੇ ਘਟਨਾ ਦੀ ਪੂਰੀ ਤਸਵੀਰ ਸਪਸ਼ਟ ਹੋਵੇਗੀ। ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।