- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਲੋਕ ਕਿੰਨੇ ਪਰੇਸ਼ਾਨ ਹਨ, ਇਸ ਦੀ ਮਿਸਾਲ ਬੁੱਧਵਾਰ ਨੂੰ ਲੁਧਿਆਣਾ ’ਚ ਉਸ ਵੇਲੇ ਸਾਹਮਣੇ ਆਈ ਜਦੋਂ ਚਾਕੂ ਦੀ ਨੋਕ ’ਤੇ ਸਾਈਕਲ ਸਵਾਰ ਨੂੰ ਲੁੱਟਣ ਦੀ ਕੋਸ਼ਿਸ਼ ’ਚ ਕਾਬੂ ਆ ਗਏ ਲੁਟੇਰੇ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਲੋਕ ਕਿੰਨੇ ਪਰੇਸ਼ਾਨ ਹਨ, ਇਸ ਦੀ ਮਿਸਾਲ ਬੁੱਧਵਾਰ ਨੂੰ ਲੁਧਿਆਣਾ ’ਚ ਉਸ ਵੇਲੇ ਸਾਹਮਣੇ ਆਈ ਜਦੋਂ ਚਾਕੂ ਦੀ ਨੋਕ ’ਤੇ ਸਾਈਕਲ ਸਵਾਰ ਨੂੰ ਲੁੱਟਣ ਦੀ ਕੋਸ਼ਿਸ਼ ’ਚ ਕਾਬੂ ਆ ਗਏ ਲੁਟੇਰੇ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਹਾਲਾਂਕਿ ਉਸ ਦਾ ਇਕ ਸਾਥੀ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ।
ਪੁਲਿਸ ਮੁਤਾਬਕ ਸਾਹਨੇਵਾਲ ਦੀ ਗੁਰੂ ਕਿਰਪਾ ਕਾਲੋਨੀ ’ਚ ਬੁੱਧਵਾਰ ਸ਼ਾਮ ਨੂੰ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦੋ ਸਾਈਕਲ ਸਵਾਰਾਂ ਨੂੰ ਰੋਕਿਆ। ਬਾਈਕ ’ਤੇ ਪਿੱਛੇ ਬੈਠੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਇੱਕ ਸਾਈਕਲ ਸਵਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।
ਦੋਵਾਂ ਸਾਈਕਲ ਸਵਾਰਾਂ ਨੇ ਹਿੰਮਤ ਕਰ ਕੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਤੇ ਪੱਥਰ ਸੁੱਟ ਕੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਹਫੜਾ-ਦਫੜੀ ਦੌਰਾਨ ਇੱਕ ਨੌਜਵਾਨ ਮੋਟਰਸਾਈਕਲ ਤੋਂ ਡਿੱਗ ਪਿਆ ਜਦਕਿ ਉਸ ਦਾ ਸਾਥੀ ਭੱਜ ਗਿਆ। ਇਸੇ ਦੌਰਾਨ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਗੁੱਸੇ ’ਚ ਭੀੜ ਨੇ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਇੱਟਾਂ ਤੇ ਡੰਡਿਆਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸਿਰ ਤੇ ਸਰੀਰ ’ਤੇ ਗੰਭੀਰ ਸੱਟਾਂ ਕਾਰਨ ਉਸ ਨੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਮਾਰਕੁੱਟ ਕਰਨ ਵਾਲੇ ਲੋਕ ਮੌਕੇ ਤੋਂ ਖਿਸਕ ਗਏ।
ਜਾਂਚ ਅਧਿਕਾਰੀ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਘਟਨਾ ਸਥਾਨ ਦੇ ਨੇੜੇ ਫੈਕਟਰੀ ਦੀ ਛੱਤ ਤੋਂ ਸਭ ਕੁਝ ਦੇਖ ਰਹੇ ਕਰਮਚਾਰੀ ਦੀਪਕ ਕੁਮਾਰ ਦੇ ਬਿਆਨਾਂ ਦੇ ’ਤੇ ਸਾਹਨੇਵਾਲ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਫ਼ਰਾਰ ਸਾਥੀ ਦੀ ਭਾਲ ਦੇ ਨਾਲ-ਨਾਲ ਮ੍ਰਿਤਕ ਦੀ ਪਛਾਣ ਤੇ ਕੁੱਟਮਾਰ ’ਚ ਸ਼ਾਮਲ ਲੋਕਾਂ ਦੀ ਸ਼ਨਾਖ਼ਤ ਲਈ ਵੀ ਜਾਂਚ ਜਾਰੀ ਹੈ।