ਲੁਧਿਆਣਾ : ਪੁਲਿਸ ਮੁਲਾਜ਼ਮ ਬਣ ਕੇ ਪਟਵਾਰਖਾਨੇ ਦੇ ਬਾਹਰੋਂ ਵਿਅਕਤੀ ਦਾ ਅਗਵਾ, 2 ਲੱਖ 22 ਹਜ਼ਾਰ ਦੀ ਲੁੱਟ
ਸ਼ਹਿਰ ਵਿੱਚ ਅਪਰਾਧੀ ਹੁਣ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਹਥਕੰਡੇ ਅਪਣਾ ਰਹੇ ਹਨ। ਕਦੇ ਸਰਕਾਰੀ ਅਧਿਕਾਰੀ ਤੇ ਕਦੇ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ
Publish Date: Wed, 29 Jul 2026 11:38 AM (IST)
Updated Date: Wed, 29 Jul 2026 11:45 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿੱਚ ਅਪਰਾਧੀ ਹੁਣ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਹਥਕੰਡੇ ਅਪਣਾ ਰਹੇ ਹਨ। ਕਦੇ ਸਰਕਾਰੀ ਅਧਿਕਾਰੀ ਤੇ ਕਦੇ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸੈਕਟਰ-32 ਸਥਿਤ ਪਟਵਾਰਖਾਨੇ ਦੇ ਬਾਹਰ ਵਾਪਰੀ, ਜਿੱਥੇ ਇੱਕ ਬਦਮਾਸ਼ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਵਿਅਕਤੀ ਨੂੰ ਜ਼ਬਰਦਸਤੀ ਕਾਰ ਵਿੱਚ ਅਗਵਾ ਕਰ ਲਿਆ । ਬਦਮਾਸ਼ ਇਹ ਕਹਿ ਰਹੇ ਸਨ ਕਿ ਉਸ ਨੂੰ ਕਿਸੇ ਅਪਰਾਧਿਕ ਮਾਮਲੇ ਵਿੱਚ ਪੁੱਛਗਿਛ ਲਈ ਲਜਾਇਆ ਜਾ ਰਿਹਾ।
ਬਦਮਾਸ਼ਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਚੈੱਕ 'ਤੇ ਦਸਤਖ਼ਤ ਕਰਵਾਏ, ਬੈਂਕ ਵਿੱਚੋਂ ਦੋ ਲੱਖ ਰੁਪਏ ਕਢਵਾ ਲਏ ਅਤੇ ਜੇਬ ਵਿੱਚ ਪਏ 22 ਹਜ਼ਾਰ ਰੁਪਏ ਵੀ ਲੈ ਕੇ ਫ਼ਰਾਰ ਹੋ ਗਏ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਇੱਕ ਨਾਮਜ਼ਦ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰੂ ਨਾਨਕ ਸਟਰੀਟ ਗਿੱਲ ਰੋਡ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਿੱਜੀ ਕੰਮ ਸਬੰਧੀ ਸੈਕਟਰ-32 ਸਥਿਤ ਪਟਵਾਰਖਾਨੇ ਗਿਆ ਹੋਇਆ ਸੀ। ਇਸ ਦੌਰਾਨ ਸੰਦੀਪ ਨਾਮ ਦਾ ਵਿਅਕਤੀ ਆਪਣੇ ਤਿੰਨ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਿਆਂ ਉਸ ਨੂੰ ਮਹਿੰਦਰਾ ਕਾਰ ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਿਆ। ਧਮਕੀਆਂ ਦਿੰਦੇ ਹੋਏ ਬਦਮਾਸ਼ ਪਹਿਲੋਂ ਗੁਰਪ੍ਰੀਤ ਨੂੰ ਉਸਦੇ ਘਰ ਲੈ ਗਏ ਅਤੇ ਉੱਥੋਂ ਬੈਂਕ ਖਾਤੇ ਨਾਲ ਸਬੰਧਤ ਚੈੱਕ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਗਿੱਲ ਸਥਿਤ ਐਚਡੀਐਫਸੀ ਬੈਂਕ ਦੀ ਸ਼ਾਖਾ ਵਿੱਚ ਲੈ ਗਏ, ਜਿੱਥੇ ਜਾਨੋਂ ਮਾਰਨ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਸੈਲਫ਼ ਚੈੱਕ 'ਤੇ ਦਸਤਖ਼ਤ ਕਰਵਾਏ ਅਤੇ ਖਾਤੇ ਵਿੱਚੋਂ ਦੋ ਲੱਖ ਰੁਪਏ ਨਕਦ ਕਢਵਾ ਲਏ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਉਸ ਦੀ ਜੇਬ ਵਿੱਚ ਪਏ 22 ਹਜ਼ਾਰ ਰੁਪਏ ਵੀ ਖੋਹ ਲਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਉਸ ਨੂੰ ਮਰਾਡੋ ਕਲੋਨੀ ਨੇੜੇ ਉਤਾਰ ਕੇ ਫ਼ਰਾਰ ਹੋ ਗਏ ਅਤੇ ਕਿਸੇ ਨੂੰ ਵੀ ਇਸ ਘਟਨਾ ਬਾਰੇ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਗਏ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਸੰਦੀਪ ਸਿੰਘ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਅਗਵਾ, ਲੁੱਟ, ਧਮਕੀਆਂ ਅਤੇ ਸਾਂਝੀ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।