ਲੁਧਿਆਣਾ : ਬੰਦ ਫੈਕਟਰੀ ਦੀ ਮਸ਼ੀਨਰੀ ਕੱਟ ਕੇ ਚੋਰੀ, ਸਕਿਉਰਟੀ ਗਾਰਡਾਂ ਦੀ ਮਿਲੀਭੁਗਤ ਦਾ ਸ਼ੱਕ
ਫੈਕਟਰੀ ਮਾਲਕ ਨੇ ਦੋਸ਼ ਲਗਾਇਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉੱਥੇ ਤਾਇਨਾਤ ਸਿਕਿਉਰਟੀ ਗਾਰਡ ਵੀ ਉੱਥੋਂ ਗਾਇਬ ਹੋ ਗਏ ਅਤੇ ਕੁਝ ਮੌਕੇ ਤੋਂ ਭੱਜ ਗਏ। ਉਨ੍ਹਾਂ ਸ਼ੱਕ ਜਤਾਇਆ ਕਿ ਸਿਕਿਉਰਟੀ ਗਾਰਡਾਂ ਦੀ ਮਿਲੀਭੁਗਤ ਤੋਂ ਬਿਨਾਂ ਇੰਨੀ ਵੱਡੀ ਮਾਤਰਾ ਵਿੱਚ ਭਾਰੀ ਮਸ਼ੀਨਰੀ ਨੂੰ ਕੱਟ ਕੇ ਲਿਜਾਣਾ ਸੰਭਵ ਨਹੀਂ ਹੈ
Publish Date: Sun, 26 Jul 2026 03:57 PM (IST)
Updated Date: Sun, 26 Jul 2026 04:05 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਕੁਹਾੜਾ ਇਲਾਕੇ ਵਿੱਚ ਚੋਰਾਂ ਨੇ ਇੱਕ ਬੰਦ ਪਈ ਫੈਕਟਰੀ ਨੂੰ ਨਿਸ਼ਾਨਾ ਬਣਾ ਕੇ ਅਜਿਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਨੇ ਉਦਯੋਗਿਕ ਇਲਾਕਿਆਂ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਰਾਂ ਨੇ ਐਮਕੇ ਅਗਰਵਾਲ ਫਿਨਿਸ਼ਿੰਗ ਫੈਕਟਰੀ ਵਿੱਚੋਂ ਹਜ਼ਾਰਾਂ ਟਨ ਵਜ਼ਨ ਵਾਲੀ ਭਾਰੀ ਮਸ਼ੀਨਰੀ ਨੂੰ ਕੱਟ-ਕੱਟ ਕੇ ਗਾਇਬ ਕਰ ਦਿੱਤਾ। ਫੈਕਟਰੀ ਮਾਲਕ ਦੇ ਦੋਸ਼ ਹਨ ਕਿ ਇਹ ਵਾਰਦਾਤ ਇਕੱਲੇ ਚੋਰਾਂ ਵੱਲੋਂ ਨਹੀਂ ਕੀਤੀ ਜਾ ਸਕਦੀ ਅਤੇ ਇਸ ਚੋਰੀ ਵਿੱਚ ਸਿਕਿਉਰਟੀ ਗਾਰਡਾਂ ਸਮੇਤ ਕੁਝ ਹੋਰ ਲੋਕਾਂ ਦੀ ਵੀ ਭੂਮਿਕਾ ਹੈ। ਕੁਹਾੜਾ ਇਲਾਕੇ ਵਿੱਚ ਸਥਿਤ ਐਮਕੇ ਅਗਰਵਾਲ ਫਿਨਿਸ਼ਿੰਗ ਫੈਕਟਰੀ ਵਿੱਚ ਹੋਈ ਚੋਰੀ ਦੀ ਇਸ ਸੰਸਨੀ ਖੇਜ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ। ਫੈਕਟਰੀ ਮਾਲਕ ਅਨਿਲ ਅਗਰਵਾਲ ਨੇ ਦੱਸਿਆ ਕਿ ਆਰਥਿਕ ਮੰਦੀ (ਰਿਸੈਸ਼ਨ) ਕਾਰਨ ਉਨ੍ਹਾਂ ਦੀ ਫੈਕਟਰੀ ਕਾਫੀ ਸਮੇਂ ਤੋਂ ਬੰਦ ਪਈ ਹੋਈ ਸੀ। ਫੈਕਟਰੀ ਦੇ ਅੰਦਰ ਹਜ਼ਾਰਾਂ ਕਿਲੋ ਵਜ਼ਨ ਵਾਲੀ ਭਾਰੀ ਮਸ਼ੀਨਰੀ ਅਤੇ ਹੋਰ ਸਾਮਾਨ ਮੌਜੂਦ ਸੀ।
ਅਨਿਲ ਅਗਰਵਾਲ ਦੇ ਮੁਤਾਬਕ ਉਨ੍ਹਾਂ ਨੇ ਫੈਕਟਰੀ ਨੂੰ ਮੁੜ ਚਾਲੂ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸੇ ਤਹਿਤ ਉਹ ਐਤਵਾਰ ਨੂੰ ਫੈਕਟਰੀ ਪਹੁੰਚੇ ਪਰ ਜਿਵੇਂ ਹੀ ਉਹ ਅੰਦਰ ਗਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਮਸ਼ੀਨਰੀ ਗਾਇਬ ਸੀ ਅਤੇ ਕਈ ਭਾਰੀ ਮਸ਼ੀਨਾਂ ਨੂੰ ਕੱਟ ਕੇ ਉੱਥੋਂ ਲਿਜਾਇਆ ਜਾ ਚੁੱਕਾ ਸੀ।
ਫੈਕਟਰੀ ਮਾਲਕ ਨੇ ਦੋਸ਼ ਲਗਾਇਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉੱਥੇ ਤਾਇਨਾਤ ਸਿਕਿਉਰਟੀ ਗਾਰਡ ਵੀ ਉੱਥੋਂ ਗਾਇਬ ਹੋ ਗਏ ਅਤੇ ਕੁਝ ਮੌਕੇ ਤੋਂ ਭੱਜ ਗਏ। ਉਨ੍ਹਾਂ ਸ਼ੱਕ ਜਤਾਇਆ ਕਿ ਸਿਕਿਉਰਟੀ ਗਾਰਡਾਂ ਦੀ ਮਿਲੀਭੁਗਤ ਤੋਂ ਬਿਨਾਂ ਇੰਨੀ ਵੱਡੀ ਮਾਤਰਾ ਵਿੱਚ ਭਾਰੀ ਮਸ਼ੀਨਰੀ ਨੂੰ ਕੱਟ ਕੇ ਲਿਜਾਣਾ ਸੰਭਵ ਨਹੀਂ ਹੈ।
ਅਗਰਵਾਲ ਨੇ ਦੱਸਿਆ ਕਿ ਉਹ ਹਰ ਮਹੀਨੇ ਇੱਕ-ਦੋ ਵਾਰ ਆਪਣੀ ਬੰਦ ਪਈ ਫੈਕਟਰੀ ਦਾ ਦੌਰਾ ਕਰਦੇ ਸਨ। ਕਰੀਬ 10 ਦਿਨ ਪਹਿਲਾਂ ਵੀ ਉਹ ਫੈਕਟਰੀ ਵਿੱਚ ਆਏ ਸਨ ਅਤੇ ਉਸ ਸਮੇਂ ਸਭ ਕੁਝ ਠੀਕ-ਠਾਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਯੋਜਨਾਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਇਸ ਲਈ ਉਨ੍ਹਾਂ ਨੂੰ ਲਗਭਗ ਇੱਕ ਹਫਤੇ ਦਾ ਸਮਾਂ ਲੱਗਿਆ ਹੋਵੇਗਾ।
ਉਧਰ ਮਾਮਲੇ ਦੀ ਜਾਂਚ ਦੌਰਾਨ ਇੱਕ ਸਿਕਿਉਰਟੀ ਗਾਰਡ ਦੇ ਭਰਾ ਨੂੰ ਪੁੱਛਗਿੱਛ ਲਈ ਕਾਬੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਵੱਡੀ ਚੋਰੀ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹਨ।
ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਕਿਉਰਟੀ ਗਾਰਡ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਗਾਰਡਾਂ ਦੇ ਦਸਤਾਵੇਜ਼ ਅਤੇ ਪਿਛੋਕੜ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਨੌਕਰੀ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਵਿੱਚ ਉਹ ਫੈਕਟਰੀ ਮਾਲਕ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ।
ਸਕਿਉਰਟੀ ਕੰਪਨੀ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੁੱਢਲੀ ਜਾਂਚ ਵਿੱਚ ਕੁਝ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ ਅਤੇ ਫੈਕਟਰੀ ਦੇ ਕੁਝ ਪੁਰਾਣੇ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਫੈਕਟਰੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਚਾਲੂ ਹਾਲਤ ਵਿੱਚ ਨਹੀਂ ਸਨ, ਜਿਸ ਕਾਰਨ ਪੁਲਿਸ ਨੂੰ ਜਾਂਚ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਥਾਣਾ ਕੁਮਕਲਾਂ ਦੀ ਪੁਲਿਸ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।