ਉਦਯੋਗਿਕ ਜਥੇਬੰਦੀਆਂ ਵੱਲੋਂ ਬਿਜਲੀ ਨਿਗਮ ਖ਼ਿਲਾਫ਼ ਰੋਸ ਮੁਜ਼ਾਹਰਾ 8 ਨੂੰ ਜਨਰਲ ਲਈ-ਬਿਜਲੀ ਸੰਕਟ ਤੋਂ ਅੱਕੇ ਲੁਧਿਆਣਾ ਦੇ ਉਦਯੋਗਪਤੀਆਂ ਵੱਲੋਂ ਸੜਕਾਂ ’ਤੇ ਉਤਰਨ ਦਾ ਐਲਾਨ
Publish Date: Fri, 04 Sep 2026 08:20 PM (IST)
Updated Date: Sat, 05 Sep 2026 04:04 AM (IST)
-ਬਿਜਲੀ ਸੰਕਟ ਤੋਂ ਅੱਕੇ ਸਨਅਤਕਾਰਾਂ ਵੱਲੋਂ ਸੜਕਾਂ ’ਤੇ ਉਤਰਨ ਦਾ ਐਲਾਨ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਸਨਅਤੀ ਖੇਤਰ ਵਿੱਚ ਬਿਜਲੀ ਦੇ ਕੱਟਾਂ ਕਾਰਨ ਤੇ ਵਾਰ-ਵਾਰ ਪ੍ਰਭਾਵਿਤ ਹੋ ਰਹੀ ਸਪਲਾਈ ਨੂੰ ਲੈ ਕੇ ਸਨਅਤਕਾਰਾਂ ’ਚ ਰੋਸ ਵਧਦਾ ਜਾ ਰਿਹਾ ਹੈ। ਉਦਯੋਗਿਕ ਇਕਾਈਆਂ ਨੂੰ ਲੰਬੇ ਸਮੇਂ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਤਪਾਦਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਭਾਰੀ ਆਰਥਿਕ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਨਸੋਰਟੀਅਮ ਆਫ਼ ਟਰੇਡ ਐਂਡ ਇੰਡਸਟਰੀ ਦੀ ਮੀਟਿੰਗ ਹੋਈ, ਜਿਸ ਵਿੱਚ ਉਦਯੋਗਿਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐਸਪੀਸੀਐਲ) ਵੱਲੋਂ ਉਦਯੋਗਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਨਾ ਮਿਲਣ ’ਤੇ ਗੰਭੀਰ ਚਿੰਤਾ ਪ੍ਰਗਟਾਈ। ਮੀਟਿੰਗ ਵਿੱਚ ਯੂਸੀਪੀਐੱਮਏ ਦੇ ਚੇਅਰਮੈਨ ਜਤਿੰਦਰ ਮਿੱਤਲ, ਫਾਸਟਨਰਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਨਰਿੰਦਰ ਭੰਮਰਾ, ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਯੂਸੀਪੀਐਮਏ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ, ਯੂਸੀਪੀਐਮਏ ਦੇ ਮੁੱਖ ਸਲਾਹਕਾਰ ਰਜਿੰਦਰ ਨਾਰੰਗ, ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਤੇ ਵਰਲਡ ਐੱਮਐੱਸਐੱਮਈ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਸਮੇਤ ਹੋਰ ਉਦਯੋਗਿਕ ਆਗੂ ਮੌਜੂਦ ਸਨ। ਉਦਯੋਗਪਤੀਆਂ ਨੇ ਕਿਹਾ ਕਿ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਸਿਰਫ਼ ਉਤਪਾਦਨ ਹੀ ਪ੍ਰਭਾਵਿਤ ਨਹੀਂ ਹੋ ਰਿਹਾ, ਸਗੋਂ ਉਦਯੋਗਿਕ ਇਕਾਈਆਂ ਦੀ ਸੰਚਾਲਨ ਲਾਗਤ ਵੀ ਵਧ ਰਹੀ ਹੈ। ਬਿਜਲੀ ਵਿਚ ਵਾਰ-ਵਾਰ ਵਿਘਨ ਪੈਣ ਕਾਰਨ ਮਸ਼ੀਨਰੀ ਅਤੇ ਉਤਪਾਦਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਗਾਹਕਾਂ ਨੂੰ ਸਮੇਂ ਸਿਰ ਮਾਲ ਦੀ ਸਪਲਾਈ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਥਿਤੀ ਲਗਾਤਾਰ ਬਣੀ ਰਹੀ, ਤਾਂ ਪੰਜਾਬ ਦੇ ਉਦਯੋਗ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੁਕਾਬਲੇ ਦੀ ਸਮਰੱਥਾ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਉਦਯੋਗਿਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਬਿਜਲੀ ਸੰਕਟ ਦੇ ਵਿਰੋਧ ਵਿੱਚ 8 ਸਤੰਬਰ 2026 ਮੰਗਲਵਾਰ ਨੂੰ ਸਵੇਰੇ 11 ਵਜੇ ਪੀਐੱਸਪੀਸੀਐੱਲ ਦੇ ਸੈਂਟਰਲ ਜ਼ੋਨ ਦਫ਼ਤਰ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਨਸੋਰਟੀਅਮ ਨੇ ਉਦਯੋਗਪਤੀਆਂ, ਨਿਰਮਾਤਾਵਾਂ, ਵਪਾਰੀਆਂ ਅਤੇ ਸਮੂਹ ਉਦਯੋਗਿਕ ਭਾਈਚਾਰੇ ਨੂੰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਉਦਯੋਗ ਪੰਜਾਬ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਇਸ ਲਈ ਉਦਯੋਗਾਂ ਲਈ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਬੁਨਿਆਦੀ ਲੋੜ ਹੈ। ਉਦਯੋਗਿਕ ਖੇਤਰ ਨੇ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਦੀ ਮੌਜੂਦਾ ਸਥਿਤੀ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਉਦਯੋਗਾਂ ਨੂੰ ਲੋੜ ਅਨੁਸਾਰ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਤਪਾਦਨ ਸੁਚਾਰੂ ਢੰਗ ਨਾਲ ਚੱਲ ਸਕੇ ਅਤੇ ਉਦਯੋਗਿਕ ਇਕਾਈਆਂ ਆਪਣੇ ਗਾਹਕਾਂ ਨਾਲ ਕੀਤੇ ਵਾਅਦੇ ਸਮੇਂ ਸਿਰ ਪੂਰੇ ਕਰ ਸਕਣ। ਕਨਸੋਰਟੀਅਮ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਣਿਸ਼ਚਿਤ ਬਿਜਲੀ ਸਪਲਾਈ ਨਾਲ ਉਦਯੋਗ ਨਹੀਂ ਚੱਲ ਸਕਦਾ। ਭਰੋਸੇਯੋਗ ਬਿਜਲੀ ਕੋਈ ਵਿਲਾਸਤਾ ਨਹੀਂ, ਸਗੋਂ ਉਦਯੋਗਿਕ ਉਤਪਾਦਨ ਅਤੇ ਆਰਥਿਕ ਵਿਕਾਸ ਲਈ ਮੁੱਢਲੀ ਲੋੜ ਹੈ। ਇਸ ਰੋਸ ਮੁਜ਼ਾਹਰੇ ਨੂੰ ਯੂਨਾਈਟਿਡ ਸਾਈਕਲਜ਼ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐੱਮਏ), ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ), ਫਾਸਟਨਰਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ਼ ਇੰਡੀਆ, ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ, ਐਸੋਸੀਏਸ਼ਨ ਆਫ਼ ਟਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼, ਐਪੈਕਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੰਜਾਬ), ਇੰਡਕਸ਼ਨ ਫਰਨੇਸ ਐਸੋਸੀਏਸ਼ਨ ਆਫ਼ ਨਾਰਥ ਇੰਡੀਆ, ਨਿਟਵੀਅਰ ਕਲੱਬ, ਫਾਸਟਨਰਜ਼ ਸਪਲਾਇਰਜ਼ ਐਸੋਸੀਏਸ਼ਨ, ਲਘੂ ਉਦਯੋਗ ਭਾਰਤੀ-ਲੁਧਿਆਣਾ, ਲੁਧਿਆਣਾ ਸਟੀਲ ਬ੍ਰੋਕਰਜ਼ ਵੈਲਫੇਅਰ ਐਸੋਸੀਏਸ਼ਨ, ਲੁਧਿਆਣਾ ਵਾਇਰ ਮੈਨੂਫੈਕਚਰਰਜ਼ ਐਸੋਸੀਏਸ਼ਨ, ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ, ਵਰਲਡ ਐੱਮਐੱਸਐੱਮਈ ਫੋਰਮ, ਬਾਈਸਾਈਕਲ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਬਰਾਡੋ), ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ਼ ਇੰਡੀਆ, ਲੁਧਿਆਣਾ ਨਿਟਰਜ਼ ਐਸੋਸੀਏਸ਼ਨ ਸਮੇਤ ਕਈ ਹੋਰ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਹੈ। ਕਨਸੋਰਟੀਅਮ ਆਫ਼ ਟਰੇਡ ਐਂਡ ਇੰਡਸਟਰੀ ਦੇ ਕਨਵੀਨਰ ਨਰਿੰਦਰ ਭੰਭਰਾ ਨੇ ਉਦਯੋਗਿਕ ਭਾਈਚਾਰੇ ਨੂੰ 8 ਸਤੰਬਰ ਦੇ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਬਿਜਲੀ ਸੰਕਟ ਖ਼ਿਲਾਫ਼ ਇਕਜੁੱਟ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।