
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਾਂਨਗਰ ਦੇ ਕਈ ਇਲਾਕਿਆਂ

ਮਹਾਂਨਗਰ ਦੇ ਕਈ ਇਲਾਕਿਆਂ ’ਚ ਪਿਆ ਭਾਰੀ ਮੀਂਹ
-ਕਿਤੇ ਸੁੱਕਾ ’ਤੇ ਕਿਤੇ ਹੋਈ ਕੇਵਲ ਕਿਣਮਿਣ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਵਿੱਚ ਐਤਵਾਰ ਨੂੰ ਸਵੇਰੇ ਕਰੀਬ 6 ਵਜੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਜਦਕਿ ਕਈ ਇਲਾਕਿਆਂ ਵਿੱਚ ਕੇਵਲ ਕਿਣਮਿਣ ਹੋਈ। ਕਈ ਜਗਾਂ ਮੀਂਹ ਦੀ ਇੱਕ ਬੂੰਦ ਵੀ ਨਜ਼ਰ ਨਹੀਂ ਆਈ। ਇੱਕ ਘੰਟੇ ਦੇ ਕਰੀਬ ਪਏ ਮੀਂਹ ਨਾਲ ਰਾਹਤ ਮਿਲਣ ਦੀ ਬਜਾਏ ਲੋਕ ਗਰਮੀ ਅਤੇ ਹੁੰਮਸ ਨਾਲ ਜੂਝਦੇ ਰਹੇ। ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਤੱਕ ਇੱਕ ਸਾਰ ਮੀਂਹ ਨਹੀਂ ਪੈਂਦਾ, ਗਰਮੀ ਤੋਂ ਰਾਹਤ ਨਹੀਂ ਮਿਲ ਸਕਦੀ। ਮੀਂਹ ਇੰਨਾ ਤੇਜ਼ ਪਿਆ ਕਿ ਚੰਡੀਗੜ੍ਹ ਰੋਡ 'ਤੇ ਸੀਵਰ ਮੈਨਹੋਲਾਂ ਤੋਂ ਪਾਣੀ ਓਵਰਫਲੋ ਹੋ ਕੇ ਸੜਕ 'ਤੇ ਵਗਦਾ ਦੇਖਿਆ ਗਿਆ।
ਇਸ ਤੋਂ ਇਲਾਵਾ, ਸਮਰਾਲਾ ਚੌਕ ਤੋਂ ਲੈ ਕੇ ਹੋਰ ਇਲਾਕਿਆਂ ਵਿੱਚ ਪਾਣੀ ਭਰਿਆ ਰਿਹਾ। ਪਾਣੀ ਤੋਂ ਬਚਣ ਲਈ ਲੋਕ ਆਪਣੇ ਵਾਹਨਾਂ ਨਾਲ ਘੁੰਮਦੇ ਹੋਏ ਦੇਖੇ ਗਏ। ਮੀਂਹ ਪੈਣ ਨਾਲ ਸੜਕਾਂ ’ਤੇ ਪਾਣੀ ਇਕੱਠਾ ਹੋਣ ਲੱਗਾ ਅਤੇ ਨੀਵੇਂ ਇਲਾਕਿਆਂ ਵਿੱਚ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਲੁਧਿਆਣਾ ਵਿੱਚ ਪਹਿਲਾਂ ਵੀ ਥੋੜ੍ਹੇ ਸਮੇਂ ਦੀ ਤੇਜ਼ ਬਾਰਿਸ਼ ਦੌਰਾਨ ਸੜਕਾਂ, ਅੰਡਰਪਾਸਾਂ ਤੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆ ਚੁੱਕੀ ਹੈ। ਭਾਰੀ ਮੀਂਹ ਦੇ ਦੌਰਾਨ ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋਈ। ਕਈ ਥਾਵਾਂ ’ਤੇ ਸੜਕਾਂ ’ਤੇ ਪਾਣੀ ਤੇ ਚਿੱਕੜ ਕਾਰਨ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਗਈ। ਸਵੇਰੇ 10 ਵਜੇ ਤੱਕ, ਜ਼ਿਆਦਾਤਰ ਇਲਾਕਿਆਂ ’ਚ ਪਾਣੀ ਦਾ ਪੱਧਰ ਘੱਟ ਗਿਆ ਸੀ ਤੇ ਦੁਪਹਿਰ ਤਕ ਪਾਣੀ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਲੁਧਿਆਣਾ ’ਚ ਅੱਜ ਵੀ ਬੱਦਲਵਾਈ ਦੇ ਨਾਲ ਮੀਂਹ ਜਾਂ ਗਰਜ-ਚਮਕ ਵਾਲੀਆਂ ਫੁਹਾਰਾਂ ਦੀ ਸੰਭਾਵਨਾ ਹੈ। ਮੀਂਹ ਨੇ ਇਕ ਵਾਰ ਫਿਰ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੀਂਹ ਤੋਂ ਪਹਿਲਾਂ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੀਆਂ ਲਾਈਨਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ, ਤਾਂ ਜੋ ਥੋੜ੍ਹੇ ਸਮੇਂ ਦੀ ਤੇਜ਼ ਮੀੰਹ ਵੀ ਵੱਡੀ ਸਮੱਸਿਆ ਨਾ ਬਣੇ। ਇਸ ਦੇ ਨਾਲ ਹੀ ਲੋਕਾਂ ਨੂੰ ਮੀਂਹ ਦੌਰਾਨ ਨੀਵੇਂ ਇਲਾਕਿਆਂ ਅਤੇ ਪਾਣੀ ਭਰੀਆਂ ਸੜਕਾਂ ਤੋਂ ਸਾਵਧਾਨੀ ਨਾਲ ਲੰਘਣ ਦੀ ਲੋੜ ਹੈ।