- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿੱਚ ਬੀਤੀ ਦੇਰ ਰਾਤ ਦਿਲ ਕੰਬਾਊ ਘਟਨਾ ਵਾਪਰੀ, ਜਿੱਥੇ ਆਸਟ੍ਰੇਲੀਆ ਤੋਂ ਪਰਤਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂ ਨਾਲ ਵਾਰ-ਵਾਰ ਵਾਰ ਕਰ ਕੇ ਕਤਲ ਕਰ ਦਿੱਤਾ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿੱਚ ਬੀਤੀ ਦੇਰ ਰਾਤ ਦਿਲ ਕੰਬਾਊ ਘਟਨਾ ਵਾਪਰੀ, ਜਿੱਥੇ ਆਸਟ੍ਰੇਲੀਆ ਤੋਂ ਪਰਤਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂ ਨਾਲ ਵਾਰ-ਵਾਰ ਵਾਰ ਕਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ 49 ਸਾਲਾ ਕਮਲਦੀਪ ਕੌਰ ਵਜੋਂ ਹੋਈ ਹੈ, ਜਦਕਿ ਮੁਲਜ਼ਮ ਪਤੀ ਰਵਿੰਦਰ ਸਿੰਘ (50) ਪਿਕਅੱਪ ਵੈਨ ਚਲਾਉਂਦਾ ਹੈ। ਮੁੱਢਲੀ ਪੁਲਿਸ ਜਾਂਚ ਵਿੱਚ ਪਤਨੀ ਦੇ ਚਰਿੱਤਰ ’ਤੇ ਸ਼ੱਕ ਨੂੰ ਕਤਲ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਤਲ ਪਿੱਛੇ ਅਸਲ ਕਾਰਨ ਕੀ ਸੀ, ਇਸ ਬਾਰੇ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਘਟਨਾ ਸਮੇਂ ਘਰ ਵਿੱਚ ਪਤੀ-ਪਤਨੀ ਦੇ ਨਾਲ ਉਨ੍ਹਾਂ ਦਾ ਵੱਡਾ ਪੁੱਤਰ ਗਗਨਦੀਪ ਸਿੰਘ ਵੀ ਮੌਜੂਦ ਸੀ। ਉਨ੍ਹਾਂ ਦਾ ਛੋਟਾ ਪੁੱਤਰ ਆਸਟ੍ਰੇਲੀਆ ਵਿੱਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਦੋਵੇਂ ਪਤੀ-ਪਤਨੀ ਆਪਣੇ ਛੋਟੇ ਪੁੱਤਰ ਨੂੰ ਮਿਲਣ ਲਈ ਆਸਟ੍ਰੇਲੀਆ ਗਏ ਸਨ। ਕਮਲਦੀਪ ਕੌਰ ਕਰੀਬ ਚਾਰ ਮਹੀਨੇ ਪਹਿਲਾਂ ਹੀ ਭਾਰਤ ਪਰਤ ਆਈ ਸੀ, ਜਦਕਿ ਰਵਿੰਦਰ ਸਿੰਘ ਵਾਰਦਾਤ ਤੋਂ ਮਹਿਜ਼ ਦੋ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ।
ਵੱਡੇ ਪੁੱਤਰ ਗਗਨਦੀਪ ਸਿੰਘ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਘਰ ਵਿੱਚ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ ਅਤੇ ਮਾਪਿਆਂ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਜਾਂ ਤਕਰਾਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਸ਼ਨਿੱਚਰਵਾਰ ਰਾਤ ਨੂੰ ਰਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਦੁੱਧ ਲੈਣ ਲਈ ਬਾਜ਼ਾਰ ਭੇਜ ਦਿੱਤਾ। ਜਦੋਂ ਗਗਨਦੀਪ ਦੁੱਧ ਲੈ ਕੇ ਵਾਪਸ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਘਰੋਂ ਕਾਹਲੀ ਨਾਲ ਬਾਹਰ ਜਾਂਦਿਆਂ ਦੇਖਿਆ। ਪੁੱਤਰ ਵੱਲੋਂ ਪੁੱਛਣ ’ਤੇ ਰਵਿੰਦਰ ਸਿੰਘ ਨੇ ਉਸ ਨੂੰ ਅੰਦਰ ਜਾ ਕੇ ਦੇਖਣ ਲਈ ਕਿਹਾ।
ਮੰਜੇ ’ਤੇ ਖ਼ੂਨ ਨਾਲ ਲੱਥਪੱਥ ਪਈ ਸੀ ਮਾਂ, ਪੁੱਤਰ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਗੁਆਂਢੀ
ਪਿਤਾ ਦੀ ਗੱਲ ਸੁਣ ਕੇ ਜਦੋਂ ਗਗਨਦੀਪ ਘਰ ਅੰਦਰ ਗਿਆ ਤਾਂ ਉੱਥੇ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀ ਮਾਂ ਕਮਲਦੀਪ ਕੌਰ ਮੰਜੇ ’ਤੇ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਸੀ। ਉਸ ਦੇ ਸਰੀਰ ’ਤੇ ਚਾਕੂ ਨਾਲ ਕੀਤੇ ਕਈ ਡੂੰਘੇ ਜ਼ਖ਼ਮ ਸਨ। ਪੁੱਤਰ ਨੇ ਰੌਲਾ ਪਾ ਕੇ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ।
ਗੁਆਂਢੀਆਂ ਦੀ ਮਦਦ ਨਾਲ ਕਮਲਦੀਪ ਕੌਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਪੇਟ ਅਤੇ ਗਰਦਨ ’ਤੇ ਕੀਤੇ ਕਈ ਵਾਰ
ਥਾਣਾ ਦੁੱਗਰੀ ਦੇ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਰਵਿੰਦਰ ਸਿੰਘ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਚਾਕੂ ਨਾਲ ਆਪਣੀ ਪਤਨੀ ’ਤੇ ਕਈ ਵਾਰ ਕੀਤੇ। ਉਸ ਦੇ ਪੇਟ ਅਤੇ ਗਰਦਨ ’ਤੇ ਡੂੰਘੇ ਜ਼ਖ਼ਮ ਪਾਏ ਗਏ ਹਨ। ਪੁਲਿਸ ਨੂੰ ਮੁੱਢਲੀ ਪੜਤਾਲ ਦੌਰਾਨ ਇਹ ਖ਼ਦਸ਼ਾ ਹੈ ਕਿ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਆਸਟ੍ਰੇਲੀਆ ਤੋਂ ਪਰਤਣ ਮਗਰੋਂ ਕਤਲ ਦੀ ਵਿਉਂਤਬੰਦੀ ਤਾਂ ਨਹੀਂ ਕੀਤੀ ਸੀ
ਪੁਲਿਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਰਵਿੰਦਰ ਸਿੰਘ ਆਸਟ੍ਰੇਲੀਆ ਤੋਂ ਭਾਰਤ ਆਪਣੀ ਪਤਨੀ ਦਾ ਕਤਲ ਕਰਨ ਦੇ ਇਰਾਦੇ ਨਾਲ ਹੀ ਪਰਤਿਆ ਸੀ। ਇਸ ਸ਼ੱਕ ਨੂੰ ਇਸ ਗੱਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਭਾਰਤ ਪਰਤਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਹ ਖ਼ੌਫ਼ਨਾਕ ਵਾਰਦਾਤ ਵਾਪਰ ਗਈ। ਹਾਲਾਂਕਿ ਇਸ ਬਾਰੇ ਹਾਲੇ ਕੋਈ ਪੱਕਾ ਸਬੂਤ ਸਾਹਮਣੇ ਨਹੀਂ ਆਇਆ ਅਤੇ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਕਤਲ ਦਾ ਮੁਕੱਦਮਾ ਦਰਜ, ਮੁਲਜ਼ਮ ਤੋਂ ਪੁੱਛਗਿੱਛ ਜਾਰੀ
ਥਾਣਾ ਦੁੱਗਰੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ। ਉਸ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਪਿੱਛੇ ਅਸਲ ਕਾਰਨਾਂ, ਵਾਰਦਾਤ ਤੋਂ ਪਹਿਲਾਂ ਦੀਆਂ ਘਟਨਾਵਾਂ ਅਤੇ ਮੁਲਜ਼ਮ ਦੀ ਮਨਸ਼ਾ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।