- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਡਾਬਾ ਦੇ ਇਲਾਕੇ ਵਿੱਚ ਇੱਕ ਛੇ ਸਾਲਾ ਮਾਸੂਮ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਅਨੁਸਾਰ ਦੋ ਨਾਬਾਲਗ ਵਿਦਿਆਰਥੀਆਂ ਨੇ ਖੇਡਣ ਦੇ ਬਹਾਨੇ ਮਾਸੂਮ ਨੂੰ ਆਪਣੇ ਨਾਲ ਲਿਜਾ ਕੇ ਉਸ ਨਾਲ ਕਥਿਤ ਤੌਰ ’ਤੇ ਘਿਨੌਣੀ ਹਰਕਤ ਕੀਤੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਥਾਣਾ ਡਾਬਾ ਦੇ ਇਲਾਕੇ ਵਿੱਚ ਇੱਕ ਛੇ ਸਾਲਾ ਮਾਸੂਮ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਅਨੁਸਾਰ ਦੋ ਨਾਬਾਲਗ ਵਿਦਿਆਰਥੀਆਂ ਨੇ ਖੇਡਣ ਦੇ ਬਹਾਨੇ ਮਾਸੂਮ ਨੂੰ ਆਪਣੇ ਨਾਲ ਲਿਜਾ ਕੇ ਉਸ ਨਾਲ ਕਥਿਤ ਤੌਰ ’ਤੇ ਘਿਨੌਣੀ ਹਰਕਤ ਕੀਤੀ। ਮਾਮਲੇ ਨੂੰ ਹੋਰ ਗੰਭੀਰ ਬਣਾਉਣ ਵਾਲਾ ਦੋਸ਼ ਇਹ ਹੈ ਕਿ ਬੱਚੀ ਦੀ ਸਕੀ ਚਾਚੀ ਨੂੰ ਵੀ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਹੋਣ ਅਤੇ ਕਥਿਤ ਤੌਰ ’ਤੇ ਬੱਚੀ ਨੂੰ ਆਪਣੇ ਘਰ ਬੁਲਾਉਣ ਦੇ ਦੋਸ਼ ਲਗਾਏ ਗਏ ਹਨ।
ਥਾਣਾ ਡਾਬਾ ਦੀ ਪੁਲਿਸ ਨੇ ਦੋਵਾਂ ਨਾਬਾਲਗਾਂ ਅਤੇ ਬੱਚੀ ਦੀ ਚਾਚੀ ਖ਼ਿਲਾਫ਼ ਪੋਕਸੋ ਕਾਨੂੰਨ ਸਮੇਤ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬੱਚੀ ਦੀ ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਕਰੀਬ ਛੇ ਸਾਲ ਨੌਂ ਮਹੀਨੇ ਦੀ ਧੀ ਮੁਹੱਲੇ ਵਿੱਚ ਦੋ ਨਾਬਾਲਗ ਲੜਕਿਆਂ ਨਾਲ ਖੇਡ ਰਹੀ ਸੀ। ਦੋਸ਼ ਹੈ ਕਿ ਦੋਵੇਂ ਲੜਕੇ ਬੱਚੀ ਨੂੰ ਖੇਡਣ ਦਾ ਬਹਾਨਾ ਬਣਾ ਕੇ ਇੱਕ ਘਰ ਦੇ ਬਾਹਰ ਬਣੇ ਬਾਥਰੂਮ ਵਿੱਚ ਲੈ ਗਏ। ਮਾਂ ਨੇ ਬੱਚੀ ਨੂੰ ਉੱਥੇ ਦੇਖ ਲਿਆ ਅਤੇ ਉਸ ਨੂੰ ਆਪਣੇ ਘਰ ਲੈ ਆਈ।
ਘਰ ਪਹੁੰਚਣ ਤੋਂ ਬਾਅਦ ਮਾਸੂਮ ਬੱਚੀ ਕਾਫ਼ੀ ਸਹਿਮੀ ਹੋਈ ਸੀ।
ਮਾਂ ਨੇ ਜਦੋਂ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਬੱਚੀ ਨੇ ਕਥਿਤ ਤੌਰ ’ਤੇ ਦੱਸਿਆ ਕਿ ਦੋਵੇਂ ਨਾਬਾਲਗ ਉਸ ਨੂੰ ਘਰ ਲਿਜਾ ਕੇ ਉਸ ਨਾਲ ਗਲਤ ਹਰਕਤ ਕਰਦੇ ਹਨ। ਮਾਸੂਮ ਵੱਲੋਂ ਦੱਸੀ ਗਈ ਇਹ ਗੱਲ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਮਾਮਲਾ ਪੁਲਿਸ ਤੱਕ ਪਹੁੰਚਾਇਆ ਗਿਆ।
ਸ਼ਿਕਾਇਤ ਵਿੱਚ ਬੱਚੀ ਦੀ ਸਕੀ ਚਾਚੀ ’ਤੇ ਵੀ ਗੰਭੀਰ ਦੋਸ਼ ਲਗਾਏ ਗਏ ਹਨ। ਪਰਿਵਾਰ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਚਾਚੀ ਨੂੰ ਕਥਿਤ ਘਟਨਾਵਾਂ ਦੀ ਜਾਣਕਾਰੀ ਸੀ ਅਤੇ ਉਹ ਬੱਚੀ ਨੂੰ ਇਸ਼ਾਰਿਆਂ ਰਾਹੀਂ ਆਪਣੇ ਘਰ ਬੁਲਾਉਂਦੀ ਸੀ। ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਮੁਕਦਮੇ ਵਿੱਚ ਸ਼ਾਮਲ ਕਰਦਿਆਂ ਤਿੰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਵਿੱਚ ਨਾਮਜ਼ਦ ਦੋਵੇਂ ਲੜਕੇ ਨਾਬਾਲਗ ਹਨ ਅਤੇ ਉਨ੍ਹਾਂ ਦੀ ਉਮਰ 11 ਅਤੇ 12 ਸਾਲ ਦੱਸੀ ਗਈ ਹੈ। ਦੋਵੇਂ ਲਾਗੇ ਦੇ ਇੱਕ ਸਕੂਲ ਦੇ ਵਿਦਿਆਰਥੀ ਹਨ।
ਇਸ ਘਟਨਾ ਨੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਮਾਹੌਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੀ ਨਾਲ ਸਬੰਧਤ ਮਾਮਲੇ ਵਿੱਚ ਕਾਨੂੰਨ ਅਨੁਸਾਰ ਸੰਵੇਦਨਸ਼ੀਲਤਾ ਵਰਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਕਾਨੂੰਨ ਅਨੁਸਾਰ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।