
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੋਟੋਗ੍ਰਾਫਰ ਦੀ ਗਰਦਨ ਵਿੱਚ ਗੋਲੀ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ਅੰਦਰ ਹੀ ਵੱਡੀ ਕਾਰਵਾਈ ਕਰਦਿਆਂ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਦੀ ਜਾਂਚ ਜਦੋਂ ਕਤਲ ਦੇ ਮੁਲਜ਼ਮਾਂ ਤੱਕ ਪਹੁੰਚੀ ਤਾਂ ਤਾਜਪੁਰ ਰੋਡ ’ਤੇ ਲਏ ਕਿਰਾਏ ਦੇ ਕਮਰੇ ਵਿੱਚੋਂ ਨਾਜਾਇਜ਼ ਹਥਿਆਰਾਂ ਅਤੇ ਕਾਰਤੂਸਾਂ ਦੇ ਨਾਲ 1.5 ਕਿਲੋ ਹੈਰੋਇਨ ਵੀ ਬਰਾਮਦ ਹੋਈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਫੋਟੋਗ੍ਰਾਫਰ ਦੀ ਗਰਦਨ ਵਿੱਚ ਗੋਲੀ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ਅੰਦਰ ਹੀ ਵੱਡੀ ਕਾਰਵਾਈ ਕਰਦਿਆਂ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਦੀ ਜਾਂਚ ਜਦੋਂ ਕਤਲ ਦੇ ਮੁਲਜ਼ਮਾਂ ਤੱਕ ਪਹੁੰਚੀ ਤਾਂ ਤਾਜਪੁਰ ਰੋਡ ’ਤੇ ਲਏ ਕਿਰਾਏ ਦੇ ਕਮਰੇ ਵਿੱਚੋਂ ਨਾਜਾਇਜ਼ ਹਥਿਆਰਾਂ ਅਤੇ ਕਾਰਤੂਸਾਂ ਦੇ ਨਾਲ 1.5 ਕਿਲੋ ਹੈਰੋਇਨ ਵੀ ਬਰਾਮਦ ਹੋਈ। ਦੋ ਪਿਸਤੌਲ, ਛੇ ਜ਼ਿੰਦਾ ਕਾਰਤੂਸ ਅਤੇ ਨਸ਼ੇ ਦੀ ਵੱਡੀ ਖੇਪ ਦੀ ਬਰਾਮਦਗੀ ਨੇ ਕਤਲ ਕਾਂਡ ਦੇ ਪਿੱਛੇ ਛੁਪੇ ਵੱਡੇ ਅਪਰਾਧਿਕ ਨੈੱਟਵਰਕ ਵੱਲ ਵੀ ਇਸ਼ਾਰਾ ਕਰ ਦਿੱਤਾ ਹੈ। ਪੁਲਿਸ ਹੁਣ ਕਤਲ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਅਤੇ ਨਸ਼ੇ ਤੇ ਹਥਿਆਰਾਂ ਦੇ ਸਰੋਤ ਤੱਕ ਪਹੁੰਚਣ ਲਈ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਲੁਧਿਆਣਾ ਦੇ ਘੰਟਾ ਘਰ ਅਤੇ ਰੇਲਵੇ ਸਟੇਸ਼ਨ ਨੇੜੇ 17 ਅਗਸਤ ਦੀ ਰਾਤ ਝਗੜੇ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ, ਜਦੋਂ ਕਥਿਤ ਤੌਰ ’ਤੇ ਨਾਜਾਇਜ਼ ਪਿਸਤੌਲ ਨਾਲ ਚਲਾਈ ਗੋਲੀ ਰਾਮਿੰਦਰ ਸਿੰਘ ਉਰਫ਼ ਸੋਨੂੰ ਦੀ ਗਰਦਨ ਵਿੱਚ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਤਿੰਨ ਵਾਹਨਾਂ ਵਿੱਚ ਫਰਾਰ ਹੋ ਗਏ, ਪਰ ਪੁਲਿਸ ਨੇ ਮਾਮਲੇ ਨੂੰ ਚੁਣੌਤੀ ਵਜੋਂ ਲੈਂਦਿਆਂ ਜਾਂਚ ਦਾ ਘੇਰਾ ਤੇਜ਼ੀ ਨਾਲ ਵਧਾਇਆ ਅਤੇ ਅਗਲੇ ਹੀ ਦਿਨ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪੁੱਛਗਿੱਛ ਨੇ ਪੁਲਿਸ ਨੂੰ ਤਾਜਪੁਰ ਰੋਡ ਦੇ ਉਸ ਕਮਰੇ ਤੱਕ ਪਹੁੰਚਾ ਦਿੱਤਾ, ਜਿੱਥੋਂ ਹਥਿਆਰਾਂ ਅਤੇ ਹੈਰੋਇਨ ਦੀ ਬਰਾਮਦਗੀ ਨੇ ਪੂਰੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸੀਨੀਅਰ ਅਧਿਕਾਰੀਆਂ ਨੇ ਜਾਂਚ ਦੀ ਨਿਗਰਾਨੀ ਆਪਣੇ ਹੱਥਾਂ ਵਿੱਚ ਲੈ ਲਈ ਸੀ। ਐਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ, ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ, ਏਡੀਸੀਪੀ-1 ਸਮੀਰ ਵਰਮਾ ਅਤੇ ਏਡੀਸੀਪੀ ਇਨਵੈਸਟੀਗੇਸ਼ਨ ਰੁਪਿੰਦਰ ਕੌਰ ਭੱਟੀ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੂੰ ਮੁਲਜ਼ਮਾਂ ਦੀ ਭਾਲ ਲਈ ਲਗਾਇਆ ਗਿਆ। ਏਸੀਪੀ ਡਿਟੈਕਟਿਵ-1 ਹਰਸ਼ਪ੍ਰੀਤ ਸਿੰਘ ਅਤੇ ਏਸੀਪੀ ਸੈਂਟਰਲ ਅਨਿਲ ਭਨੋਟ ਦੀ ਅਗਵਾਈ ਹੇਠ ਸੀਆਈਏ ਇੰਸਪੈਕਟਰ ਅਵਤਾਰ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਨਵਦੀਪ ਸਿੰਘ ਦੀਆਂ ਟੀਮਾਂ ਨੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ।
ਜਨਮਦਿਨ ਦੀ ਪਾਰਟੀ ਦੌਰਾਨ ਹੋਇਆ ਸੀ ਝਗੜਾ
ਪੁਲਿਸ ਮੁਤਾਬਕ 17 ਅਗਸਤ ਨੂੰ ਰਮਿੰਦਰ ਸਿੰਘ ਉਰਫ਼ ਸੋਨੂੰ ਆਪਣੇ ਦੋਸਤਾਂ ਨਾਲ ਕਲਾਕ ਟਾਵਰ ਨੇੜੇ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਇਸ ਦੌਰਾਨ ਉਸ ਦੀ ਟੋਲੀ ਦਾ ਇੱਕ ਹੋਰ ਗਰੁੱਪ ਨਾਲ ਝਗੜਾ ਹੋ ਗਿਆ। ਦੂਜੇ ਗਰੁੱਪ ਵਿੱਚ ਚੇਤਨ, ਨਿਹਾਲ, ਨੀਰਜ, ਸਾਗਰ, ਹਰਮਨ, ਰਿਸ਼ੀ, ਮਨੋਜ ਸਾਹਨੀ, ਦੀਪ ਸਮੇਤ ਦੋ-ਤਿੰਨ ਅਣਪਛਾਤੇ ਵਿਅਕਤੀ ਸ਼ਾਮਲ ਸਨ।
ਪੁਲਿਸ ਜਾਂਚ ਅਨੁਸਾਰ ਝਗੜੇ ਦੌਰਾਨ ਚੇਤਨ ਨੇ ਕਥਿਤ ਤੌਰ ’ਤੇ ਨਾਜਾਇਜ਼ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਗੋਲੀ ਰਾਮਿੰਦਰ ਸਿੰਘ ਉਰਫ਼ ਸੋਨੂੰ ਦੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਕ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਚਿੱਟੀ ਬੋਲੈਰੋ ਲਾਲ ਟੋਯੋਟਾ ਇਨੋਵਾ ਅਤੇ ਬਿਨਾਂ ਨੰਬਰ ਪਲੇਟ ਵਾਲੀ ਲਾਲ ਕਰੇਟਾ ਵਿੱਚ ਫਰਾਰ ਹੋ ਗਏ। ਘਟਨਾ ਸਬੰਧੀ ਥਾਣਾ ਡਿਵੀਜ਼ਨ ਨੰਬਰ 1 ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ।
24 ਘੰਟਿਆਂ ਵਿੱਚ ਤਿੰਨ ਮੁੱਖ ਮੁਲਜ਼ਮ ਕਾਬੂ
ਪੁਲਿਸ ਦੀਆਂ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 18 ਅਗਸਤ ਨੂੰ ਤਿੰਨ ਮੁੱਖ ਮੁਲਜ਼ਮਾਂ ਹਰਮਨਜੋਤ ਸਿੰਘ ਉਰਫ਼ ਹਰਮਨ, ਮਨੋਜ ਕੁਮਾਰ ਅਤੇ ਰਿਸ਼ੀ ਕੁਮਾਰ ਉਰਫ਼ ਰਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਤਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਵੀ ਜਾਂਚੀ ਜਾ ਰਹੀ ਹੈ।