- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਜਪੁਰ ਰੋਡ ਇਲਾਕੇ ਵਿੱਚ ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਸਕੂਟਰ ਲੁੱਟਣ ਦੀ ਵਾਰਦਾਤ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੀਤੀ ਸ਼ਾਮ ਕਰੀਬ ਸਾਢੇ ਚਾਰ ਵਜੇ ਆਪਣੇ ਦੋਸਤ ਦੇ ਟੀਵੀਐੱਸ ਜੁਪੀਟਰ ਸਕੂਟਰ ’ਤੇ ਸਵਾਰ ਹੋ ਕੇ ਜਾ ਰਹੇ 23 ਸਾਲਾ ਨੌਜਵਾਨ ਨੂੰ ਸਵਿਫਟ ਕਾਰ ਸਵਾਰ ਚਾਰ ਨੌਜਵਾਨਾਂ ਨੇ ਰਾਹ ਵਿੱਚ ਘੇਰ ਲਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਤਾਜਪੁਰ ਰੋਡ ਇਲਾਕੇ ਵਿੱਚ ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਸਕੂਟਰ ਲੁੱਟਣ ਦੀ ਵਾਰਦਾਤ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੀਤੀ ਸ਼ਾਮ ਕਰੀਬ ਸਾਢੇ ਚਾਰ ਵਜੇ ਆਪਣੇ ਦੋਸਤ ਦੇ ਟੀਵੀਐੱਸ ਜੁਪੀਟਰ ਸਕੂਟਰ ’ਤੇ ਸਵਾਰ ਹੋ ਕੇ ਜਾ ਰਹੇ 23 ਸਾਲਾ ਨੌਜਵਾਨ ਨੂੰ ਸਵਿਫਟ ਕਾਰ ਸਵਾਰ ਚਾਰ ਨੌਜਵਾਨਾਂ ਨੇ ਰਾਹ ਵਿੱਚ ਘੇਰ ਲਿਆ। ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਉਸ ਕੋਲੋਂ ਸਕੂਟਰ ਖੋਹ ਲਿਆ ਅਤੇ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਜਾਂਚ ਸ਼ੁਰੂ ਕੀਤੀ ਅਤੇ ਨਾਕਾਬੰਦੀ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਜੁਪੀਟਰ ਸਕੂਟਰ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਲੇ ਰੰਗ ਦੀ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ। ਹਾਲਾਂਕਿ, ਮੁਲਜ਼ਮਾਂ ਦਾ ਚੌਥਾ ਸਾਥੀ ਪਿਸਤੌਲ ਸਮੇਤ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰੂ ਅਰਜਨ ਦੇਵ ਨਗਰ, ਤਾਜਪੁਰ ਰੋਡ ਦੇ ਰਹਿਣ ਵਾਲੇ ਪੀਯੂਸ਼ ਨੇ ਦੱਸਿਆ ਕਿ ਸ਼ਾਮ ਕਰੀਬ 4:30 ਵਜੇ ਆਪਣੇ ਦੋਸਤ ਦੇ ਟੀਵੀਐੱਸ ਜੁਪੀਟਰ ਸਕੂਟਰ ’ਤੇ ਸਵਾਰ ਹੋ ਕੇ ਜਾ ਰਿਹਾ ਸੀ।
ਇਸੇ ਦੌਰਾਨ ਚਾਰ ਨੌਜਵਾਨਾਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਰੋਕ ਲਿਆ ਅਤੇ ਉਸ ਦਾ ਸਕੂਟਰ ਖੋਹ ਕੇ ਫ਼ਰਾਰ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕੇਸ ਸੀ ਪੜਤਾਲ ਸ਼ੁਰੂ ਕੀਤੀ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਅਤੇ ਤਿੰਨ ਮੁਲਜ਼ਮਾਂ ਤਰਨਪ੍ਰੀਤ ਸਿੰਘ ਉਰਫ਼ ਤੰਨੂ, ਮਨਮੀਤ ਸਿੰਘ ਅਤੇ ਹਰਮਨ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ਵਿੱਚ ਵਰਤੀ ਗਈ ਕਾਲੇ ਰੰਗ ਦੀ ਸਵਿਫਟ ਕਾਰ ਅਤੇ ਲੁੱਟਿਆ ਗਿਆ ਜੁਪੀਟਰ ਸਕੂਟਰ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਦੋ ਅੰਮ੍ਰਿਤਸਰ ਦੇ ਛੇਹਰਟਾ ਅਤੇ ਇੱਕ ਬਾਬਾ ਬੁੱਢਾ ਜੀ ਕਾਲੋਨੀ ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿੱਚ ਚੌਥੇ ਮੁਲਜ਼ਮ ਗੁਰਜੀਤ ਸਿੰਘ ਉਰਫ਼ ਰੋਮੀ ਦੀ ਭਾਲ ਜਾਰੀ ਹੈ। ਜਾਂਚ ਅਧਿਕਾਰੀ ਅਨੁਸਾਰ ਮੁੱਢਲੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਹੀ ਵੱਖ-ਵੱਖ ਅਪਰਾਧਿਕ ਮੁਕੱਦਮੇ ਦਰਜ ਹਨ। ਪੁਲਿਸ ਹੁਣ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਪਿਸਤੌਲ ਦੀ ਬਰਾਮਦਗੀ ਲਈ ਛਾਪੇਮਾਰੀ ਕਰ ਰਹੀ ਹੈ।