ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਅਭਿਸ਼ੇਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਵਿੱਚ ਇੱਕ ਪ੍ਰਾਈਵੇਟ ਬੈਂਕ ਵਿੱਚ ਚੌਥੇ ਦਰਜੇ ਦੇ ਕਰਮਚਾਰੀ ਵਜੋਂ ਕੰਮ ਕਰਦਾ ਸੀ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕਈ ਵਾਰ ਇੱਕਤਰਫ਼ਾ ਲਗਾਅ ਜਾਂ ਜ਼ਿੱਦ ਇੰਨੀ ਖ਼ਤਰਨਾਕ ਸ਼ਕਲ ਅਖ਼ਤਿਆਰ ਕਰ ਲੈਂਦੀ ਹੈ ਕਿ ਉਹ ਕਿਸੇ ਦੀ ਜ਼ਿੰਦਗੀ ਨੂੰ ਦਹਿਸ਼ਤ ਅਤੇ ਦਰਦ ਵਿੱਚ ਧੱਕ ਦਿੰਦੀ ਹੈ। ਲੁਧਿਆਣਾ ਦੇ ਡਿਵੀਜ਼ਨ ਨੰਬਰ-2 ਅਧੀਨ ਪੈਂਦੇ ਇੱਕ ਇਲਾਕੇ ਵਿੱਚ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਨਚਲਾ ਨੌਜਵਾਨ 21 ਸਾਲਾ ਲੜਕੀ ਵੱਲੋਂ ਨਜ਼ਰਅੰਦਾਜ਼ ਕਰਨ 'ਤੇ ਇਸ ਕਦਰ ਭੜਕ ਗਿਆ ਕਿ ਮੁਟਿਆਰ ਦੇ ਘਰ ਦੀ ਛੱਤ ਉੱਪਰ ਚੜ੍ਹ ਕੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਨੌਜਵਾਨ ਨੇ ਲੋਹੇ ਦੇ ਕੜੇ ਨਾਲ ਲੜਕੀ ਦੇ ਚਿਹਰੇ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸਦੇ ਤਿੰਨ ਦੰਦ ਟੁੱਟ ਗਏ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਅਭਿਸ਼ੇਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਵਿੱਚ ਇੱਕ ਪ੍ਰਾਈਵੇਟ ਬੈਂਕ ਵਿੱਚ ਚੌਥੇ ਦਰਜੇ ਦੇ ਕਰਮਚਾਰੀ ਵਜੋਂ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ, ਪੀੜਤ ਲੜਕੀ ਆਪਣੇ ਘਰ ਦੀ ਛੱਤ ’ਤੇ ਮੌਜੂਦ ਸੀ। ਇਸ ਦੌਰਾਨ ਗੁਆਂਢ ਵਿੱਚ ਰਹਿਣ ਵਾਲਾ ਅਭਿਸ਼ੇਕ ਨੇੜਲੇ ਮਕਾਨਾਂ ਦੀਆਂ ਛੱਤਾਂ ਤੋਂ ਹੁੰਦਾ ਹੋਇਆ ਲੜਕੀ ਦੇ ਘਰ ਦੀ ਛੱਤ ’ਤੇ ਪਹੁੰਚ ਗਿਆ। ਲੜਕੀ ਨੂੰ ਕੁਝ ਸਮਝ ਆਉਂਦੀ, ਇਸ ਤੋਂ ਪਹਿਲਾਂ ਹੀ ਉਸਨੇ ਲੋਹੇ ਦੇ ਕੜੇ ਨਾਲ ਉਸ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਅਚਾਨਕ ਹੋਏ ਇਸ ਹਮਲੇ ਕਾਰਨ ਲੜਕੀ ਸੰਭਲ ਵੀ ਨਾ ਸਕੀ ਅਤੇ ਉਸਦੇ ਮੂੰਹ ’ਤੇ ਕਈ ਵਾਰ ਲੱਗਣ ਕਾਰਨ ਉਸਦੇ ਤਿੰਨ ਦੰਦ ਟੁੱਟ ਗਏ ਅਤੇ ਪੂਰਾ ਜਬਾੜਾ ਹਿਲ ਗਿਆ। ਹਮਲੇ ਦੌਰਾਨ ਮੁਲਜ਼ਮ ਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਸੂਤਰਾਂ ਅਨੁਸਾਰ, ਮੁਲਜ਼ਮ ਕਾਫ਼ੀ ਸਮੇਂ ਤੋਂ ਲੜਕੀ ਦਾ ਪਿੱਛਾ ਕਰਦਾ ਸੀ ਅਤੇ ਉਸ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਪਰ ਲੜਕੀ ਵੱਲੋਂ ਉਸਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਇਹੀ ਗੱਲ ਮੁਲਜ਼ਮ ਨੂੰ ਨਾਗਵਾਰ ਗੁਜ਼ਰੀ ਅਤੇ ਉਸਨੇ ਗੁੱਸੇ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੀੜਤ ਪਰਿਵਾਰ ਵੀ ਸਦਮੇ ਵਿੱਚ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਨੌਜਵਾਨ ਇਸ ਹੱਦ ਤੱਕ ਜਾ ਸਕਦਾ ਹੈ ਕਿ ਘਰ ਦੀ ਛੱਤ ’ਤੇ ਚੜ੍ਹ ਕੇ ਹਮਲਾ ਕਰ ਦੇਵੇ। ਘਟਨਾ ਨੇ ਨਾ ਸਿਰਫ਼ ਪੀੜਤ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸਗੋਂ ਇਲਾਕੇ ਦੇ ਲੋਕਾਂ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਇਹ ਮਾਮਲਾ ਇੱਕ ਵਾਰ ਫਿਰ ਦਰਸਾਉਂਦਾ ਹੈ ਕਿ ਇੱਕਤਰਫ਼ਾ ਮੁਹੱਬਤ, ਪਿੱਛਾ ਕਰਨਾ ਅਤੇ ਔਰਤਾਂ ਨੂੰ ਤੰਗ ਕਰਨਾ ਕਿੰਨਾ ਖ਼ਤਰਨਾਕ ਰੂਪ ਧਾਰ ਸਕਦਾ ਹੈ। ਸਮਾਜ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਅਤੇ ਜਾਗਰੂਕਤਾ ਦੋਵੇਂ ਹੀ ਲਾਜ਼ਮੀ ਹਨ, ਤਾਂ ਜੋ ਕਿਸੇ ਵੀ ਧੀ-ਭੈਣ ਨੂੰ ਇਸ ਤਰ੍ਹਾਂ ਦੇ ਖ਼ੌਫ਼ ਅਤੇ ਹਿੰਸਾ ਦਾ ਸਾਹਮਣਾ ਨਾ ਕਰਨਾ ਪਵੇ।
ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਉਸਦੀ ਗ੍ਰਿਫ਼ਤਾਰੀ ਲਈ ਲੁਧਿਆਣਾ ਸਮੇਤ ਬਰਨਾਲਾ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ। ਪੁਲਿਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।